ਕੁਰਾਲੀ: ਅੱਜ ਨੇੜਲੇ ਪਿੰਡ ਚਤਾਮਲੀ ਵਿਖੇ ਗੁਰਦਿਆਲ ਸਿੰਘ ਵਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਆਪਣੀ ਦੋਹਤੀ ਮਨਦੀਪ ਕੌਰ ਦਾ ਜੱਜ ਬਣਨ ਪਿੱਛੋਂ ਨਾਨਕੇ ਘਰ ਪੁੱਜਣ ਉੱਤੇ ਭਰਵਾਂ ਸਵਾਗਤ ਕੀਤਾ ਗਿਆ।
ਦਰਅਸਲ ਉਨ੍ਹਾਂ ਦੀ ਦੋਹਤੀ ਦੇ ਇਸ ਮੁਕਾਮ ਉੱਤੇ ਪੁੱਜਣ ਦੀ ਖੁਸ਼ੀ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਕੌਰ ਦੇ ਮਾਮੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਪੀਸੀਐੱਸ ਜੁਡੀਸ਼ਰੀ ਦੀ ਪ੍ਰੀਖਿਆ ਦੇਣ ਮਗਰੋਂ ਜੱਜ ਚੁਣੀ ਗਈ ਹੈ ਜਿਸ ਤੋਂ ਬਾਅਦ ਉਹ ਆਪਣੇ ਨਾਨਕੇ ਆਈ ਜਿੱਥ ਉਸ ਦਾ ਸਮੂਹ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਮਨਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੀ ਬਾਰ੍ਹਵੀਂ ਕਲਾਸ ਤੱਕ ਦੀ ਪੜ੍ਹਾਈ ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ ਡੇਰਾਬੱਸੀ ਤੋਂ ਪ੍ਰਾਪਤ ਕੀਤੀ ਹੈ। ਉਸ ਤੋਂ ਬਾਅਦ ਉਨ੍ਹਾਂ ਬੀਏ, ਐਲਐਲਬੀ ਆਨਰਜ਼ ਅਤੇ ਐਲਐਲਐਮ ਦੀ ਪੜ੍ਹਾਈ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪਟਿਆਲਾ ਤੋਂ ਪ੍ਰਾਪਤ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਆਏ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਜੱਜ ਮਨਦੀਪ ਕੌਰ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ।