ਮੁਹਾਲੀ: ਜ਼ਿਲ੍ਹੇ ਦੇ ਪਿੰਡ ਪਾਪੜੀ ਦੀ ਗ੍ਰਾਮ ਪੰਚਾਇਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ 'ਤੇ ਪਿੰਡ ਦੀ 46 ਕਨਾਲ 7 ਮਾਰਲੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਲਾਏ ਹਨ। ਗ੍ਰਾਮ ਪੰਚਾਇਤ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ 'ਤੇ ਕੀਤੇ ਕਬਜੇ ਛੁਡਾਉਣ ਲਈ ਉਪਰਾਲੇ ਕਰ ਰਹੇ ਹਨ 'ਤੇ ਦੂਜੇ ਪਾਸੇ ਉਨ੍ਹਾਂ ਦੀ ਹੀ ਆਪ ਸਰਕਾਰ ਦਾ ਵਿਧਾਇਕ ਕੁਲਵੰਤ ਸਿੰਘ ਪਿੰਡ ਪਾਪੜੀ ਦੀ 46 ਕਨਾਲ 7 ਮਰਲੇ ਪੰਚਾਇਤੀ ਜ਼ਮੀਨ ਦੱਬ ਕੇ ਬੈਠਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਕਬਜ਼ਾ ਕੀਤੀ ਜ਼ਮੀਨ ਉੱਤੇ ਸੀਵਰੇਜ ਪਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਿਜਲੀ ਦੇ ਪੋਲ , ਟਰਾਂਸਫਾਰਮਰ ਅਤੇ ਸੜਕਾਂ ਕਿ ਉਸਾਰੀ ਵੀ ਕਰ ਦਿੱਤੀ ਗਈ ਹੈ।
ਇਹ ਵੀ ਪੜੋ: ਇਨਸਾਫ ਮੋਰਚੇ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਸਮਾਂ ਦੇਣ ਤੋਂ ਕੀਤਾ ਇਨਕਾਰ, ਨਾਲ ਕੀਤਾ ਇਹ ਵੱਡਾ ਐਲਾਨ
ਗ੍ਰਾਮ ਪੰਚਾਇਤ ਨੇ ਇਲਜ਼ਾਮ ਲਾਏ ਹਨ ਕਿ ਕੁਲਵੰਤ ਸਿੰਘ ਖਿਲਾਫ ਉਨ੍ਹਾਂ ਵੱਲੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਕੇਸ ਕੀਤਾ ਹੋਇਆ ਹੈ ਅਤੇ ਸੁਪਰੀਮ ਕੋਰਟ ਵੱਲੋਂ ਪੰਚਾਇਤੀ ਜ਼ਮੀਨ ਉੱਤੇ ਪੱਕੇ ਤੌਰ 'ਤੇ ਸਟੇਅ ਲਾਈ ਹੋਈ ਹੈ। ਸਟੇਅ ਦੇ ਬਾਵਜੂਦ ਵਿਧਾਇਕ ਕੁਲਵੰਤ ਸਿੰਘ ਵੱਲੋਂ ਆਪਣੀ ਪਾਵਰ ਅਤੇ ਪੰਜਾਬ ਸਰਕਾਰ ਦਾ ਗਲਤ ਫਾਇਦਾ ਚੁੱਕ ਕੇ ਪੰਚਾਇਤੀ ਜ਼ਮੀਨ ਉੱਤੇ ਨਜਾਇਜ਼ ਉਸਾਰੀ ਕਰਵਾਈ ਜਾ ਰਹੀ ਹੈ।
ਉਨ੍ਹਾਂ ਇਲਜ਼ਾਮ ਲਾਏ ਕਿ ਕੁਲਵੰਤ ਸਿੰਘ ਪੁਲਿਸ 'ਤੇ ਦਬਾਅ ਪਾ ਕੇ ਉਹਨਾਂ ਉਤੇ ਝੂਠੇ ਪਰਚੇ ਦਰਜ ਕਰਵਾ ਰਿਹਾ ਹੈ। ਪਿੰਡ ਦੇ ਵਸਨੀਕ ਬਚਨ ਸਿੰਘ ਨੇ ਦੱਸਿਆ ਕਿ 26 ਮਾਰਚ 2022 ਨੂੰ ਪਿੰਡ ਟੰਗੋਰੀ ਵਿਚਾਲੇ ਆਮ ਆਦਮੀ ਪਾਰਟੀ ਦੀ ਸਰਪੰਚ ਵੱਲੋਂ ਉਨ੍ਹਾਂ ਦੀ ਭੈਣ ਉੱਤੇ ਹਮਲਾ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਭੈਣ ਨੂੰ ਡਾਕਟਰ ਦੇ ਲੈਕੇ ਗਏ ਗਏ ਤਾਂ ਪਿੱਛੋਂ ਕੁਲਵੰਤ ਸਿੰਘ ਨੇ ਪੁਲਿਸ 'ਤੇ ਦਬਾਅ ਪਾ ਕੇ ਉਲਟਾ ਉਨ੍ਹਾਂ 'ਤੇ ਮਾਮਲਾ ਦਰਜ ਕਰ ਦਿੱਤਾ। ਹੁਣ ਉਹ ਜਮਾਨਤ 'ਤੇ ਬਾਹਰ ਹਨ, ਪਰ ਉਨ੍ਹਾਂ ਨੂੰ ਡਰ ਹੈ ਕਿ ਵਿਧਾਇਕ ਕੁਲਵੰਤ ਉਨ੍ਹਾਂ 'ਤੇ ਮੁੜ ਝੂਠਾ ਮਾਮਲਾ ਦਰਜ ਕਰਵਾ ਸਕਦਾ ਹੈ ਕਿਉਂਕਿ ਕੁਲਵੰਤ ਦੇ ਖਿਲਾਫ ਪੰਚਾਇਤੀ ਜ਼ਮੀਨ ਦੱਬਣ ਦੀ ਉਨ੍ਹਾਂ ਨੇ ਹੀ ਸਾਲ 2017 ਵਿੱਚ ਹਾਈਕੋਰਟ (ਰਿਟ ਪਟੀਸ਼ਨ -17366) ਵਿੱਚ ਪਹਿਲੀ ਸ਼ਿਕਾਇਤ ਦਿੱਤੀ ਸੀ।
ਗਰਾਮ ਪੰਚਾਇਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਅਤੇ ਡੀਡੀਪੀਓ ਵਲੋਂ ਵੀ ਪੰਚਾਇਤ ਸਕੱਤਰ ਨੂੰ ਲਿਖ ਕੇ ਦਿੱਤਾ ਗਿਆ ਹੈ ਕਿ ਵਿਧਾਇਕ ਵਲੋਂ ਪਿੰਡ ਪਾਪੜੀ ਦੀ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਨਹੀਂ ਛੁਡਵਾਇਆ ਜਾ ਰਿਹਾ। ਉਨ੍ਹਾਂ ਮੁੱਖ ਮੰਤਰੀ ਮਾਨ ਤੋਂ ਮੰਗ ਕੀਤੀ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀਆਂ ਵੱਖ-ਵੱਖ ਸ਼ਾਮਲਾਟ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾ ਰਹੀ ਹੈ, ਉਸੇ ਤਰ੍ਹਾਂ ਦੀ ਪਿੰਡ ਪਾਪੜੀ ਦੀ ਪੰਚਾਇਤੀ ਜ਼ਮੀਨ 'ਤੇ ਉਨ੍ਹਾਂ ਦੀ ਸਰਕਾਰ ਦੇ ਨੁਮਾਇੰਦੇ ਕੁਲਵੰਤ ਸਿੰਘ ਵਲੋਂ ਕੀਤੇ ਕਬਜ਼ੇ ਨੂੰ ਛੁਡਵਾਇਆ ਜਾਵੇ।
ਇਹ ਵੀ ਪੜੋ: ਮੀਂਹ ਬਣਿਆ ਕਾਲ ! ਛੱਤ ਡਿੱਗਣ ਕਾਰਨ ਇੱਕ ਮੌਤ