ਰੂਪਨਗਰ: ਪੰਜਾਬ-ਹਿਮਾਚਲ ਹੱਦ 'ਤੇ ਪਿੰਡ ਗਰਾਂਮੋੜਾ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਨੂੰ ਲੈ ਕੇ ਪਿੰਡ ਵਾਸੀਆਂ ਨੇ ਐਤਵਾਰ ਨੂੰ ਸੜਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਕੰਪਨੀ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ 'ਤੇ ਜਾਮ ਲਗਾ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ 'ਤੇ ਰਾਖ ਨਾਲ ਭਰਿਆ ਇੱਕ ਕੈਂਟਰ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਹਾਦਸਾ ਏਨਾ ਭਿਆਨਕ ਸੀ ਕਿ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਗੈਸ ਕੱਟਰ ਨਾਲ ਕੱਢਿਆ ਸੀ।
ਰੋਸ ਪ੍ਰਦਰਸ਼ਨ ਦੌਰਾਨ ਧਰਨਾ ਲਾ ਕੇ ਬੈਠੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਹਾਦਸਾ ਕੰਪਨੀ ਵੱਲੋਂ ਸੜਕ ਬਣਾਉਣ ਦੀ ਨਾਲਾਇਕੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਧੱਕੇ ਨਾਲ ਸੜਕ ਬਣਾਈ ਜਾ ਰਹੀ ਹੈ, ਇੱਕ ਪਾਸੇ ਸੜਕ ਬਣਾਈ ਜਾ ਰਹੀ ਹੈ, ਦੂਜੇ ਪਾਸੇ ਆਵਾਜਾਈ ਜਾਰੀ ਹੈ ਅਤੇ ਤੀਜੇ ਪਾਸੇ ਸੜਕ 'ਤੇ ਵੱਡੇ-ਵੱਡੇ ਖੱਡੇ ਪਏ ਹਨ, ਜਿਸ ਕਾਰਨ ਇਹ ਸੜਕ ਹਾਦਸਾ ਵਾਪਰਿਆ ਹੈ। ਸੜਕ ਦੀ ਹਾਲਤ ਏਨੀ ਖਰਾਬ ਹੋਈ ਪਈ ਹੈ ਕਿ ਬ੍ਰੇਕ ਲਾਉਣ 'ਤੇ ਵੀ ਗੱਡੀ ਨਹੀਂ ਰੁਕਦੀ।
ਪਿੰਡ ਵਾਸੀਆਂ ਨੇ ਕਿਹਾ ਕਿ ਜਿੰਨਾ ਚਿਰ ਮ੍ਰਿਤਕ ਦੇ ਨੌਜਵਾਨ ਦੇ ਪਰਿਵਾਰ ਨੂੰ ਮਾਲੀ ਮਦਦ ਅਤੇ ਸੜਕ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਓਨਾ ਚਿਰ ਜਾਮ ਨਹੀਂ ਖੋਲ੍ਹਿਆ ਜਾਵੇਗਾ।
ਉਧਰ, ਜਾਮ ਦੀ ਸੂਚਨਾ ਮਿਲਣ 'ਤੇ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਹਰਕੀਰਤ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਲੋਕਾਂ ਦਾ ਕਹਿਣਾ ਸੀ ਕਿ ਸੜਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀ ਮੌਕੇ 'ਤੇ ਆਉਣ ਅਤੇ ਮੀਡੀਆ ਦੇ ਸਾਹਮਣੇ ਗੱਲ ਕਰਨ।
ਥਾਣਾ ਮੁਖੀ ਨੇ ਦੱਸਿਆ ਕਿ ਐਸਡੀਐਮ ਨਾਲ ਗੱਲ ਕੀਤੀ ਗਈ ਸੀ, ਜਿਨ੍ਹਾਂ ਨੇ ਮੰਗਾਂ ਲਿਖਤੀ ਰੂਪ ਵਿੱਚ ਮੰਗੀਆਂ ਹਨ। ਉਪਰੰਤ ਉਹ ਡਿਪਟੀ ਕਮਿਸ਼ਨਰ ਨਾਲ ਮੰਗਾਂ ਸਬੰਧੀ ਵਿੱਚ ਵਿਚਾਰ ਕਰਨਗੇ।