ਸ੍ਰੀ ਅਨੰਦਪੁਰ ਸਾਹਿਬ: ਇੱਥੋਂ ਨੇੜਲੇ ਪਿੰਡ ਬਜਰੂੜ ਦੀ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਵਿੱਚਲੇ ਏਟੀਐੱਮ 'ਚੋਂ ਚੋਰ 19 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਅਨੁਸਾਰ ਚੋਰ ਸਵੇਰੇ 1 ਵਜ ਕੇ 55 ਮਿਨਟ 'ਤੇ ਗੱਡੀ ਵਿੱਚ ਆਏ ਅਤੇ 15 ਮਿਨਟ ਵਿੱਚ ਹੀ ਚੋਰੀ ਕਰਕੇ ਰਫੂ ਚੱਕਰ ਹੋ ਗਏ।
ਬ੍ਰਾਂਚ ਮੈਨੇਜਰ ਹਰਪਾਲ ਸਿੰਘ ਅਨੁਸਾਰ ਚੋਰਾਂ ਨੇ ਏਟੀਐਮ ਦਾ ਸ਼ਟਰ ਕੱਟਿਆ ਅਤੇ ਅੰਦਰ ਦਾਖ਼ਲ ਹੋ ਗਏ ਅਤੇ ਇਸ ਮਗਰੋਂ ਏਟੀਐੱਮ ਮਸ਼ੀਨ ਨੂੰ ਵੀ ਕੱਟਿਆ। ਇਹ ਸਭ ਕਰਨ ਤੋਂ ਮਗਰੋਂ ਚੋਰ ਏਟੀਐੱਮ ਮਸ਼ੀਨ ਵਿੱਚ ਪਏ 19 ਲੱਖ 17 ਹਜ਼ਾਰ ਦੀ ਨਕਦੀ ਲੈ ਕੇ ਚੱਲਦੇ ਬਣੇ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ 'ਤੇ ਕੋਈ ਛਿੜਕਾ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਗਤੀਵਿਧੀ ਕੈਮਰੇ ਵਿੱਚ ਕੈਦ ਨਹੀਂ ਹੋ ਸਕੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁੁਲਿਸ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਨੇ ਉਨ੍ਹਾਂ ਨੂੰ ਚੋਰੀ ਦੀ ਵਾਰਦਾਤ ਬਾਰੇ ਸੂਚਨਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਇਸ ਵਾਰਦਾਤ ਦੀ ਜਾਂਚ ਕਰ ਰਹੀ ਹੈ।