ਨੰਗਲ: ਦੁੱਖ ਦੂਰ ਕਰਨ ਦਾ ਝਾਂਸਾ ਦੇ ਕੇ ਫਿਲਮੀ ਅੰਦਾਜ਼ ਵਿੱਚ ਲੱਖਾਂ ਦੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੁੱਟ ਦੀ ਵਾਰਦਾਤ ਨੂੰ ਸਾਧੂ ਦੇ ਭੇਸ ਵਿੱਚ ਆਏ ਇੱਕ ਠੱਗ ਵੱਲੋਂ ਅੰਜਾਮ ਦਿੱਤਾ ਗਿਆ ਹੈ। ਪੀੜਤ ਔਰਤ ਸੰਤੋਸ਼ ਮੁਤਾਬਿਕ ਉਸ ਦੀ ਤਬੀਅਤ ਬਹੁਤ ਖ਼ਰਾਬ ਰਹਿੰਦੀ ਹੈ। ਅਤੇ ਉਹ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਾਰਕ ਵਿੱਚ ਘੁੰਮ ਰਹੀ ਸੀ। ਇਸੇ ਦੌਰਾਨ ਸਾਧੂ ਦੇ ਭੇਸ ਵਿੱਚ ਘੁੰਮਦਾ ਇੱਕ ਵਿਅਕਤੀ ਉਸ ਦੇ ਕੋਲ ਆਇਆ ਅਤੇ ਪੁੱਛਣ ਲਗਾ, ਕਿ ਮਾਤਾ ਤੁਹਾਨੂੰ ਕੀ ਤਕਲੀਫ ਹੈ। ਤਾਂ ਪੀੜਤ ਔਰਤ ਨੇ ਉਸ ਵਿਅਕਤੀ ਨੂੰ ਦੱਸਿਆ, ਕਿ ਉਹ ਦੀ ਤਬੀਅਤ ਠੀਕ ਨਹੀਂ ਰਹਿੰਦੀ।
ਇਸ ਤਰ੍ਹਾਂ ਪੀੜਤ ਔਰਤ ਤਿੱਕੜੀ ਦੇ ਝਾਂਸੇ ਵਿੱਚ ਆ ਗਈ। ਇਲਾਜ ਕਰਨ ਦੇ ਬਹਾਨੇ ਸਾਧੂ ਉਸ ਨੂੰ ਪਾਰਕ ਦੇ ਇੱਕ ਪਾਸੇ ਲੈ ਗਿਆ, ਅਤੇ ਮੂੰਹ ਵਿੱਚ ਕੁਝ ਮੰਤਰ ਪੜਨ ਲੱਗ ਪਿਆ। ਇਸ ਦੌਰਾਨ ਉਸ ਨੇ ਔਰਤ ਨੂੰ ਸਾਰੇ ਗਹਿਣੇ ਖੋਲ੍ਹ ਕੇ ਕੱਪੜੇ ਵਿੱਚ ਰੱਖਣ ਨੂੰ ਕਿਹਾ, ਤਾਂ ਔਰਤ ਨੇ ਕੰਨਾਂ ਦੇ ਕਾਂਟੇ, ਅੰਗੂਠੀ ਅਤੇ ਦੋਵਾਂ ਹੱਥਾਂ ਵਿੱਚ ਪਾਏ ਕੜੇ ਖੋਲ੍ਹ ਕੇ ਸਾਧੂ ਨੂੰ ਦੇ ਦਿੱਤੇ। ਸਾਧੂ ਨੇ ਉਸ ਦੇ ਸਾਹਮਣੇ ਸਾਰੇ ਗਹਿਣੇ 100 ਰੁਪਏ ਆਪਣੇ ਕੋਲੋਂ ਇੱਕ ਕੱਪੜੇ ਵਿੱਚ ਬੰਨ੍ਹ ਕੇ ਉਸ ਨੂੰ ਦੇ ਦਿੱਤੇ ਅਤੇ ਕਿਹਾ ਕਿ ਸ਼ਾਮ ਨੂੰ 6 ਵਜੇ ਇਸ ਨੂੰ ਖੋਲ੍ਹਣਾ।
ਅਜਿਹਾ ਕਰਨ ਨਾਲ ਤੁਹਾਡੇ ਸਾਰੇ ਦੁੱਖ ਦਰਦ ਖ਼ਤਮ ਹੋ ਜਾਣਗੇ। ਜਦੋਂ ਔਰਤ ਨੇ ਘਰ ਆ ਕੇ ਆਪਣੇ ਪੁੱਤਰ ਨੂੰ ਦੱਸਿਆ, ਅਤੇ ਬੇਟੇ ਨੇ ਕੱਪੜੇ ਨੂੰ ਲਾਈ ਗੱਠ ਖੋਲ੍ਹੀ, ਤਾਂ ਵੇਖਿਆ ਕਿ ਉਸ ਵਿੱਚ ਪੰਜ ਛੋਟੇ-ਛੋਟੇ ਪੱਥਰ ਹੀ ਮਿਲੇ। ਜਦੋਂ ਤੱਕ ਸਾਧੂਨੁਮਾ ਅਨਸਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ, ਉਦੋਂ ਤੱਕ ਉਹ ਖਿਸਕ ਚੁੱਕਿਆ ਸੀ।
ਉਧਰ ਮਾਮਲਾ ਪੁਲਿਸ ਵਿੱਚ ਪਹੁੰਚਣ ‘ਤੇ ਪੁਲਿਸ ਨੇ ਕਿਹਾ, ਕਿ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰਕੇ ਪੀੜਤ ਦੇ ਗਹਿਣੇ ਉਸ ਨੂੰ ਵਾਪਸ ਕੀਤੇ ਜਾਣਗੇ।