ਰੂਪਨਗਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰੀ ਖੇਤਰਾਂ ਦੇ ਵਿੱਚ ਲੌਕਡਾਊਨ ਦੌਰਾਨ ਨਵੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ ਜਿਸ ਮੁਤਾਬਕ ਹੁਣ ਸਨਿੱਚਰਵਾਰ ਨੂੰ ਵੀਕੈਂਡ ਲੌਕਡਾਊਨ ਨਹੀਂ ਲੱਗੇਗਾ।
ਹੁਣ ਦੁਕਾਨਦਾਰ ਰਾਤ 9 ਵਜੇ ਤੱਕ ਆਪਣੀਆਂ ਦੁਕਾਨਾਂ ਖੋਲ੍ਹ ਸਕਦੇ ਹਨ ਅਤੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਹੁਣ ਕਰਫਿਊ ਰਾਤ ਸਾਢੇ 9 ਤੋਂ ਸਵੇਰੇ 5 ਵਜੇ ਤੱਕ ਰਹੇਗਾ। ਹੁਣ ਦੁਕਾਨਦਾਰ ਸੋਮਵਾਰ ਤੋਂ ਲੈ ਕੇ ਸਨਿੱਚਰਵਾਰ ਤੱਕ ਦੁਕਾਨਾਂ ਆਮ ਵਾਂਗ ਖੋਲ੍ਹ ਸਕਦੇ ਹਨ।
ਮੁੱਖ ਮੰਤਰੀ ਦੇ ਇਸ ਫੈਸਲੇ ਤੋਂ ਬਾਅਦ ਰੋਪੜ ਦੇ ਦੁਕਾਨਦਾਰਾਂ ਨੇ ਮੁੱਖ ਮੰਤਰੀ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਵੱਡੀ ਰਾਹਤ ਮਿਲੀ ਹੈ ਅਤੇ ਹੌਲੀ ਹੌਲੀ ਉਨ੍ਹਾਂ ਦਾ ਠੱਪ ਹੋਇਆ ਕਾਰੋਬਾਰ ਲੀਹ ਉੱਤੇ ਆ ਜਾਵੇਗਾ।
ਰੋਪੜ ਦੇ ਦੁਕਾਨਦਾਰਾਂ ਦੀ ਮੰਗ ਸੀ ਕਿ ਸਨਿੱਚਰਵਾਰ ਦਾ ਵੀਕੈਂਡ ਕਰਫ਼ਿਊ ਖ਼ਤਮ ਕੀਤਾ ਜਾਵੇ ਅਤੇ ਦੁਕਾਨਾਂ ਨੂੰ ਆਮ ਵਾਂਗ ਖੋਲ੍ਹਣ ਦੀ ਢਿੱਲ ਮਿਲੇ ਜੋ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਪੂਰੀ ਕਰ ਦਿੱਤੀ ਹੈ।