ਰੂਪਨਗਰ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਦੇਸ਼ ਭਰ ਵਿੱਚ ਨਵੇਂ ਨਿਯਮਾਂ ਦੇ ਮੁਤਾਬਕ ਅੱਜ ਤੋਂ ਸਾਰੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ। ਇਨ੍ਹਾਂ ਨੂੰ ਖੋਲ੍ਹਣ ਦੇ ਨਾਲ ਕੁੱਝ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਧਾਰਮਿਕ ਸਥਾਨਾਂ ਦੇ ਅੰਦਰ ਪ੍ਰਸਾਦ, ਲੰਗਰ ਦੀ ਸੇਵਾ ਨਹੀਂ ਹੋਵੇਗੀ। ਇਸ ਫੈਸਲੇ 'ਤੇ ਆਮ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ।
ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੇ ਨਾਲ ਸਰਕਾਰ ਵੱਲੋਂ ਕਈ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਜਿਸ ਮੁਤਾਬਕ ਸ਼ਰਧਾਲੂਆਂ ਨੂੰ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਧਾਰਮਿਕ ਸਥਾਨ 'ਤੇ 20 ਤੋਂ ਵੱਧ ਸ਼ਰਧਾਲੂਆਂ ਦੀ ਗਿਣਤੀ ਨਹੀਂ ਹੋ ਸਕਦੀ ਅਤੇ ਇਸ ਦੌਰਾਨ ਧਾਰਮਿਕ ਸਥਾਨਾਂ 'ਤੇ ਪ੍ਰਸ਼ਾਦ ਅਤੇ ਲੰਗਰ ਦੀ ਸੇਵਾ ਨਹੀਂ ਕੀਤੀ ਜਾਵੇਗੀ।
ਇਸ ਸਬੰਧੀ ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਸ਼ਹਿਰ ਦੇ ਵੱਖ-ਵੱਖ ਵਰਗ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਲੋੋਕਾਂ ਨੇ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਵੀ ਆਮ ਲੋਕਾਂ ਦੀ ਸੇਵਾ ਲਈ ਲੰਗਰ ਲਗਾਏ ਜਾ ਰਹੇ ਸਨ ਤਾਂ ਹੁਣ ਜਦੋਂ ਉਹ ਧਾਰਮਿਕ ਸਥਾਨ ਖੁੱਲ੍ਹੇ ਹਨ ਤਾਂ ਪ੍ਰਸਾਦ ਅਤੇ ਲੰਗਰ ਦੀ ਸੇਵਾ ਆਮ ਵਾਂਗ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਅਨਲੌਕ 1: ਦੇਸ਼ 'ਚ ਅੱਜ ਤੋਂ ਖੁੱਲ੍ਹੇ ਧਾਰਮਿਕ ਸਥਾਨ, ਕੇਂਦਰ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
ਇਸ ਦੇ ਨਾਲ ਹੀ ਲੋਕਾਂ ਨੇ ਇਹ ਕਿਹਾ ਕਿ ਸਰਕਾਰ ਨੂੰ ਇਸ ਫੈਸਲੇ 'ਤੇ ਹੁਣ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਸਿਰਫ਼ ਇੱਕ ਵਿਅਕਤੀ ਹੀ ਸਾਫ਼ ਹੱਥਾਂ ਨਾਲ ਪ੍ਰਸ਼ਾਦ ਦੀ ਸੇਵਾ ਕਰਦਾ ਹੈ ਤੇ ਉਸ ਨਾਲ ਬਿਮਾਰੀ ਦਾ ਕੋਈ ਖ਼ਤਰਾ ਨਹੀਂ।
ਉਧਰ ਦੂਜੇ ਪਾਸੇ ਕਈਆਂ ਦਾ ਮੰਨਣਾ ਹੈ ਕਿ ਕੋਰੋਨਾ ਦੀ ਮਹਾਂਮਾਰੀ ਦੇ ਦੌਰਾਨ ਜੇਕਰ ਧਾਰਮਿਕ ਸਥਾਨ ਖੋਲ੍ਹੇ ਗਏ ਹਨ ਤਾਂ ਇਸ ਦੇ ਨਾਲ ਮਹਾਂਮਾਰੀ ਹੋਰ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਧਾਰਮਿਕ ਸਥਾਨਾਂ 'ਤੇ ਪ੍ਰਸ਼ਾਦ ਲੰਗਰ ਆਦਿ ਦੀ ਸੇਵਾ ਨਹੀਂ ਹੋਣੀ ਤਾਂ ਇਨ੍ਹਾਂ ਨੂੰ ਖੋਲ੍ਹਣ ਦਾ ਕੀ ਫਾਇਦਾ। ਇਸ ਤੋਂ ਚੰਗਾ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਹੀ ਆਪਣੇ ਧਰਮ ਦੇ ਅਨੁਸਾਰ ਆਪਣੇ ਰੱਬ ਦੀ ਪੂਜਾ ਕਰਨ।