ਰੂਪਨਗਰ: ਪੰਜਾਬ ਵਿੱਚ ਬਦਮਾਸ਼ਾਂ ਨੇ ਹੌਂਸਲੇ ਇੰਨੇ ਕੁ ਬੁਲੰਦ ਹਨ ਕਿ ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਕੈਦ ਹੋਣ ਦੇ ਬਾਵਜੂਦ ਵੀ ਕਿਸੇ ਦਾ ਡਰ ਖੌਫ ਨਹੀਂ ਹੈ। ਜੇਲ੍ਹਾਂ ਤੋਂ ਬਾਹਰ ਤਾਂ ਬਦਮਾਸ਼ਾਂ ਵੱਲੋਂ ਆਮ ਜਨਤਾ-ਵਪਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਪਰ ਰੋਪੜ ਦੀ ਜ਼ਿਲ੍ਹਾ ਜੇਲ੍ਹ ਵਿੱਚ ਪੁਲਿਸ ਕਰਮਚਾਰੀ ਨੂੰ ਹੀ ਧਮਕੀ ਦਿੱਤੀ ਗਈ ਹੈ, ਉਹ ਵੀ ਜੇਲ੍ਹ ਅੰਦਰ ਬੰਦ ਹਵਾਲਾਤੀ ਵੱਲੋਂ। ਮਾਮਲਾ ਕਤਲ ਕੇਸ ਦੇ ਮੁਲਜ਼ਮ ਅਤੇ ਉਸ ਦੇ ਸਾਥੀ ਹਵਾਲਾਤੀ ਵੱਲੋਂ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਸਾਹਮਣੇ ਆਇਆ ਹੈ।
ਡਿਊਟੀ ਦੌਰਾਨ ਪੁਲਿਸ ਕਰਮਚਾਰੀ ਨਾਲ ਗਾਲੀ-ਗਲੋਚ ! : ਰੂਪਨਗਰ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਅਸ਼ੀਸ਼ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਮੁਲਜ਼ਮ ਤੇ ਹਵਾਲਾਤੀ ਨੇ ਉਸ ਨੂੰ ਜੇਲ੍ਹ ਤੋਂ ਬਾਹਰ ਦੇਖ ਲੈਣ ਦੀ ਧਮਕੀ ਦਿੱਤੀ ਹੈ।
ਸਹਾਇਕ ਸੁਪਰੀਡੈਂਟ ਅਨੁਸਾਰ ਸਵੇਰੇ ਉਹ ਜੇਲ੍ਹ ਦੀਆਂ ਬੈਰਕਾਂ ਵਿੱਚੋਂ ਕੈਦੀਆਂ ਨੂੰ ਯੋਗਾ ਕਰਵਾਉਣ ਲਈ ਲਿਜਾ ਰਿਹਾ ਸੀ। ਮੁਲਜ਼ਮ ਬਲਵਿੰਦਰ ਸਿੰਘ ਉਰਫ਼ ਭਾਊ ਅਤੇ ਹਿਰਾਸਤ ਵਿੱਚ ਉਸ ਦੇ ਸਾਥੀ ਵਿਜੇ ਸਿੰਘ ਨੇ ਜੇਲ੍ਹ ਦੇ ਬਾਹਰ ਉਸ ਨਾਲ ਬਦਸਲੂਕੀ ਕਰਨ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ।
ਧਮਕੀਆਂ ਦੇਣ ਵਾਲਿਆਂ ਵਿਰੁੱਧ ਮਾਮਲਾ ਦਰਜ: ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਡੀ.ਏ. ਲੀਗਲ ਦੀ ਰਾਇ ਲੈਣ ਉਪਰੰਤ ਥਾਣਾ ਸਿਟੀ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਗਾਲੀ ਗਲੋਚ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਸਹਾਇਕ ਸੁਪਰਡੈਂਟ ਆਫ਼ ਪੁਲਿਸ ਦੀ ਸ਼ਿਕਾਇਤ 'ਤੇ ਥਾਣਾ ਰੂਪਨਗਰ ਦੀ ਪੁਲਿਸ ਨੇ ਜੇਲ 'ਚ ਬੰਦ ਮੁਲਜ਼ਮ ਅਤੇ ਉਸ ਦੇ ਸਾਥੀ ਹਵਾਲਾਤੀ ਖਿਲਾਫ ਜੇਲ ਐਕਟ ਦੀਆਂ ਧਾਰਾਵਾਂ ਅਤੇ ਡਿਊਟੀ ਦੌਰਾਨ ਰੁਕਾਵਟ ਪਾਉਣ ਅਤੇ ਸਰਕਾਰੀ ਕਰਮਚਾਰੀ ਨੂੰ ਧਮਕੀਆਂ ਦੇਣ ਦੇ ਦੋਸ਼ 'ਚ ਐੱਫ.ਆਈ.ਆਰ ਨੰਬਰ 236 ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਜਾਗੋ ਕੱਢਣਗੇ ਠੇਕਾ ਮੁਲਾਜ਼ਮ, ਰਾਤ ਭਰ ਕਰਨਗੇ ਜਗਰਾਤੇ