ਰੂਪਨਗਰ: ਜੇਲ ਦਾ ਇੱਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਸਰਕਾਰੀ ਹਸਪਤਾਲ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਬਿਮਾਰ ਹੋਣ ਦੇ ਚਲਦੇ ਮੁਲਜ਼ਮ ਨੂੰ ਸਰਕਾਰੀ ਹਸਪਤਾਲ 'ਚ ਚੈਕਅੱਪ ਲਈ ਲਿਆਂਦਾ ਗਿਆ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੇਲ ਸੁਪਰੀਡੈਂਟ ਜਸਵੰਤ ਸਿੰਘ ਥਿੰਦ ਨੇ ਦੱਸਿਆ ਕਿ ਇਹ ਮੁਲਜ਼ਮ ਐਨਡੀਪੀਸੀ ਐਕਟ ਦੇ ਅਧੀਨ ਜੇਲ 'ਚ ਬੰਦ ਸੀ। ਇਹ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਗੰਭੀਰ ਬਿਮਾਰੀ ਐਚਆਈਵੀ ਦਾ ਪੀੜਤ ਹੈ। ਮੁਲਜ਼ਮ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਸੀ। ਜਿਥੇ ਉਹ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦੂਜੇ ਪਾਸੇ ਇਸ ਮਾਮਲੇ 'ਤੇ ਈਟੀਵੀ ਭਾਰਤ ਨੂੰ ਟੈਲੀਫੋਨ 'ਤੇ ਜਾਣਕਾਰੀ ਦਿੰਦੇ ਹੋਏ ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਆਖੀ ਹੈ।
ਦੱਸਣਯੋਗ ਹੈ ਕਿ ਜੇਲ ਚੋਂ ਕਿਸੇ ਵੀ ਕੈਦੀ ਨੂੰ ਜੇਲ ਤੋਂ ਬਾਹਰ ਲਿਆਉਣ ਲਈ ਸਥਾਨਕ ਪੁਲਿਸ ਦੀ ਡਿਊਟੀ ਲੱਗਦੀ ਹੈ। ਇਸ ਘਟਨਾ ਦੇ ਦੌਰਾਨ ਜਦੋਂ ਇਹ ਮੁਲਜ਼ਮ ਫ਼ਰਾਰ ਹੋਇਆ ਤਾਂ ਉਸ ਸਮੇਂ ਪੁਲਿਸ ਉਸ ਨੂੰ ਕਾਬੂ ਕਰਨ 'ਚ ਨਾਕਾਮਯਾਬ ਰਹੀ। ਜ਼ਿਲ੍ਹਾ ਪੁਲਿਸ ਮੁਖੀ ਫਰਾਰ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੇ ਹਨ, ਪਰ ਇਸ ਅਣਗਹਿਲੀ ਦੇ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ 'ਤੇ ਕਿਸੇ ਕਾਰਵਾਈ ਦੀ ਕੋਈ ਗੱਲ ਨਹੀਂ ਕਹੀ ਗਈ।