ਰੋਪੜ: ਪਿਛਲੇ ਦਿਨੀਂ ਹੈਦਰਾਬਾਦ ਦੀ ਮਹਿਲਾ ਵੈਟਨਰੀ ਡਾਕਟਰ ਨਾਲ ਚਾਰ ਮੁਲਜ਼ਮਾਂ ਵਲੋਂ ਜਬਰ-ਜਨਾਹ ਕਰਨ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਸ਼ੁੱਕਵਾਰ ਸਵੇਰੇ ਹੈਦਰਾਬਾਦ ਪੁਲਿਸ ਨੇ ਉਨ੍ਹਾਂ ਦਰਿੰਦਿਆਂ ਦਾ ਐਨਕਾਊਂਟਰ ਕਰ ਦਿੱਤਾ।
ਇਸ ਘਟਨਾਂ ਤੋਂ ਬਾਅਦ ਦੇਸ਼ ਭਰ ਦੇ ਲੋਕ ਖੁਸ਼ੀ ਜ਼ਾਹਰ ਕਰ ਰਹੇ ਹਨ ਅਤੇ ਹੈਦਰਾਬਾਦ ਪੁਲਿਸ ਵੱਲੋਂ ਚੁੱਕੇ ਗਏ ਇਸ ਕਦਮ ਦੀ ਪ੍ਰਸ਼ੰਸਾ ਕਰ ਰਹੇ ਹਨ। ਇਸ ਘਟਨਾ ਨੂੰ ਲੈ ਕੇ ਰੋਪੜ ਦੇ ਲੋਕਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।
ਰੋਪੜ ਦੇ ਵਾਰਡ ਨੰਬਰ 15 ਦੇ ਐਮ.ਸੀ ਹਰਮਿੰਦਰ ਪਾਲ ਸਿੰਘ ਵਾਲੀਆ ਨੇ ਪੁਲਿਸ ਦੇ ਇਸ ਐਨਕਾਊਂਟਰ ਨੂੰ ਸਹੀ ਦੱਸਿਆ। ਉਨ੍ਹਾਂ ਕਿਹਾ ਕਿ ਜਬਰ-ਜਨਾਹ ਦੇ ਅਜਿਹੇ ਬਹੁਤ ਸਾਰੇ ਮਾਮਲੇ ਹਨ ਜਿਨ੍ਹਾਂ ਦੀ ਅਜਿਹਾ ਹੀ ਹਸ਼ਰ ਹੋਣਾ ਚਾਹੀਦਾ ਹੈ ਤਾਂ ਜੋ ਹੋਰ ਕੋਈ ਇਹੋ ਜਿਹੀ ਹਰਕਤ ਕਰਨ ਬਾਰੇ ਕਦੇ ਸੋਚੇ ਵੀ ਨਾ।
ਉੱਧਰ ਅਰਸ਼ਪ੍ਰੀਤ ਕੌਰ ਨੇ ਭਾਰਤ ਸਰਕਾਰ ਨੂੰ ਅਜਿਹੇ ਕੰਮ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਿਪਟਣ ਦੀ ਮੰਗ ਕੀਤੀ ਅਤੇ ਕਿਹਾ ਜਬਰ-ਜਨਾਹ ਦੇ ਮਾਮਲੇ ਅਦਾਲਤਾਂ ਵਿੱਚ ਉਲਝ ਕੇ ਰਹਿ ਜਾਂਦੇ ਹਨ। ਹੈਦਰਾਬਾਦ ਪੁਲਿਸ ਨੇ ਇਨ੍ਹਾਂ ਚਾਰਾਂ ਮੁਲਜ਼ਮਾਂ ਦਾ ਐਨਕਾਊਂਟਰ ਕਰਕੇ ਬਹੁਤ ਵਧੀਆ ਕੀਤਾ।
ਮਨੀਤ ਸਿੰਘ ਨੇ ਕਿਹਾ ਕਿ ਹੈਦਰਾਬਾਦ ਪੁਲਿਸ ਨੇ ਇਹ ਬਹੁਤ ਵਧੀਆ ਕੀਤਾ ਅਤੇ ਦੋਸ਼ੀਆਂ ਨੂੰ ਐਨਕਾਊਂਟਰ ਵਿੱਚ ਮਾਰ ਮੁਕਾਇਆ।