ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਚਰਨਾਂ ਵਿੱਚ ਪੰਜਾਬ ਅਤੇ ਪੰਜਾਬੀ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਨ ਲਈ ਪਹੁੰਚੇ।
ਮਨੀਸ਼ ਤਿਵਾੜੀ ਨੇ ਕੀਤੀ ਲੋਕਾਂ ਨੂੰ ਅਪੀਲ
ਇਸ ਦੌਰਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਕੰਵਰਪਾਲ ਸਿੰਘ ਦੇ ਲਈ ਜਨਤਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਰਾਣਾ ਕੰਵਰਪਾਲ ਸਿੰਘ ਇੱਕ ਸੁਲਝੇ ਹੋਏ ਵਿਅਕਤੀ ਹਨ ਅਤੇ ਉਨ੍ਹਾਂ ਨੇ ਲੰਬਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕੀਤੀ ਹੈ ਅਤੇ ਇਸ ਲਈ ਦੁਬਾਰਾ ਰਾਣਾ ਕੰਵਰਪਾਲ ਸਿੰਘ ਨੂੰ ਲੋਕ ਵੋਟਾਂ ਪਾਉਣ ਅਤੇ ਕਾਂਗਰਸ ਦੀ ਸਰਕਾਰ ਬਣਾਉਣ।
'ਕਾਂਗਰਸ ਨਾਲ ਹੀ ਪੰਜਾਬ ਤਰੱਕੀ ਵੱਲ ਵਧੇਗਾ'
ਮਨੀਸ਼ ਤਿਵਾੜੀ ਨੇ ਅੱਗੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇੱਥੇ ਰਾਜਨੀਤਕ ਸਥਿਰਤਾ ਦੀ ਲੋੜ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕੋਲ ਲੰਬਾ ਤਜ਼ਰਬਾ ਹੈ। ਕਾਂਗਰਸ ਦੇ ਹੱਥਾਂ ਦੇ ਵਿੱਚ ਸੂਬਾ ਜਿੱਥੇ ਤਰੱਕੀ ਕਰੇਗਾ ਉਥੇ ਹੀ ਰਾਜਨੀਤਕ ਸਥਿਰਤਾ ਵੀ ਕਾਂਗਰਸ ਦੇ ਵੱਲੋਂ ਹੀ ਦਿੱਤੀ ਜਾ ਸਕਦੀ ਹੈ।
'ਬਿਨਾਂ ਸੋਚ ਬਦਲੇ ਨਹੀਂ ਕੀਤੀ ਜਾ ਸਕਦੀ ਪਾਕਿ ਨਾਲ ਦੋਸਤੀ'
ਇਸ ਦੌਰਾਨ ਮਨੀਸ਼ ਤਿਵਾੜੀ ਨੇ ਬਿਨਾਂ ਕਿਸੇ ਰਾਜਨੀਤਕ ਆਗੂ ਦਾ ਨਾਂ ਲੈਂਦਿਆਂ ਕਿਹਾ ਕਿ ਜਿਹੜੇ ਲੋਕ ਪਾਕਿਸਤਾਨ ਦੇ ਨਾਲ ਦੋਸਤੀ ਦੀ ਗੱਲ ਕਰਦੇ ਹਨ ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪਾਕਿਸਤਾਨ ਦੇ ਨਾਲ ਉਦੋਂ ਤੱਕ ਦੋਸਤੀ ਨਹੀਂ ਹੋ ਸਕਦੀ ਜਦੋਂ ਤੱਕ ਪਾਕਿਸਤਾਨ ਦੀ ਫੌਜ ਦੀ ਮਾਨਸਿਕਤਾ ਨਹੀਂ ਬਦਲਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ 9 ਸਾਲ ਦੇ ਕਰੀਬ ਮੁੱਖ ਮੰਤਰੀ ਰਹੇ ਅਤੇ ਉਹ ਪੰਜਾਬ ਨੂੰ ਪਾਕਿਸਤਾਨ ਦੀ ਧਰਤੀ ਤੋਂ ਆਉਂਦੀਆਂ ਚੁਣੌਤੀਆਂ ਅਤੇ ਖਤਰਿਆਂ ਤੋਂ ਬਾਖ਼ੂਬੀ ਜਾਣੂ ਹਨ ਅਤੇ ਨਾਲ ਹੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸੇ ਦੇ ਲਈ ਕਿਉਂਕਿ ਪੰਜਾਬ ਬਾਰਡਰ ਸਟੇਟ ਹੈ ਇੱਥੇ ਰਾਜਨੀਤਕ ਸ਼ਹਿਰ ਸਥਿਰਤਾ ਹੋਣੀ ਬਹੁਤ ਜ਼ਰੂਰੀ ਹੈ।
'ਕਾਂਗਰਸ ਨੂੰ ਵੋਟ ਕਰਨਗੇ ਲੋਕ'
ਚੋਣਾਂ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਵਿੱਚ 10 ਮਾਰਚ ਨੂੰ ਕਿਸ ਦੀ ਸਰਕਾਰ ਬਣੇਗੀ ਇਹ ਕਹਿਣਾ ਬਹੁਤ ਮੁਸ਼ਕਲ ਹੈ ਪਰ ਕਾਂਗਰਸ ਪਾਰਟੀ ਵੱਲੋਂ ਆਪਣੇ ਕੀਤੇ ਕੰਮਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ।
'ਕਾਂਗਰਸ ਹਾਈਕਮਾਂਡ ਨੂੰ ਦੇਣਾ ਚਾਹੀਦਾ ਹੈ ਸਪਸ਼ਟੀਕਰਨ'
ਮਨੀਸ਼ ਤਿਵਾੜੀ ਨੇ ਹਿੰਦੂ ਸਿੱਖ ਏਕਤਾ ਦੇ ਸਬੰਧ ਵਿਚ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਜੇਕਰ ਅਜਿਹਾ ਨਾ ਹੁੰਦਾ ਤਾਂ ਖਾਲਸੇ ਦੇ ਪ੍ਰਗਟ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਉਹ ਮੈਂਬਰ ਪਾਰਲੀਮੈਂਟ ਨਾ ਚੁਣੇ ਜਾਂਦੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਵਾਰ-ਵਾਰ ਇਹ ਬਿਆਨ ਦੇਣਾ ਕਿ ਉਨ੍ਹਾਂ ਨੂੰ ਹਿੰਦੂ ਹੋਣ ਦੇ ਨਾਤੇ ਮੁੱਖ ਮੰਤਰੀ ਨਹੀਂ ਥਾਪਿਆ ਗਿਆ। ਇਸ ਸਬੰਧੀ ਕਾਂਗਰਸ ਹਾਈ ਕਮਾਂਡ ਨੂੰ ਜਲਦ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਵਾਰ-ਵਾਰ ਮੀਡੀਆ ਦੇ ਵਿੱਚ ਆ ਰਹੀ ਇਸ ਗੱਲ ਨੂੰ ਕਾਂਗਰਸ ਹਾਈ ਕਮਾਂਡ ਨੂੰ ਖਾਰਜ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਇਸ ਗੱਲ ਦਾ ਫੈਲਣਾ ਪੰਜਾਬ ਅਤੇ ਪੰਜਾਬੀਅਤ ਦੇ ਲਈ ਨੁਕਸਾਨਦੇਹ ਹੈ।
'ਕੇਂਦਰ ਸਰਕਾਰ ਕਾਰਨ ਨਹੀਂ ਹੋ ਸਕੇ ਵਿਕਾਸ ਕਾਰਜ'
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿਚ ਮਨੀਸ਼ ਤਿਵਾੜੀ ਦੇ ਕਾਰਜਕਾਲ ਦੇ ਦੌਰਾਨ ਵਿਕਾਸ ਕਾਰਜਾਂ ’ਤੇ ਲੱਗੀ ਬ੍ਰੇਕ ਦੇ ਸਬੰਧ ਵਿਚ ਬੋਲਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉਨ੍ਹਾਂ ਕਿਹਾ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਜਾਣ ਬੁੱਝ ਕੇ ਘਟੀਆ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਪ੍ਰਾਜੈਕਟ ਜਿਨ੍ਹਾਂ ਬਾਰੇ ਉਨ੍ਹਾਂ ਵੱਲੋਂ ਕੇਂਦਰੀ ਮੰਤਰੀਆਂ ਦੇ ਨਾਲ ਗੱਲ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਸ਼ੁਰੂ ਇਸੇ ਕਰਕੇ ਨਹੀਂ ਹੋ ਸਕੇ ਕਿਉਂਕਿ ਭਾਜਪਾ ਨੂੰ ਇਸ ਗੱਲ ਦਾ ਡਰ ਹੈ ਕਿ ਇਸ ਦਾ ਫ਼ਾਇਦਾ ਕਿਸੇ ਹੋਰ ਨੂੰ ਨਾ ਹੋ ਜਾਵੇ।
'ਕੇਜਰੀਵਾਲ ਦਾ ਹਾਸੋਹੀਣ ਬਿਆਨ'
ਕੇਜਰੀਵਾਲ ਵੱਲੋਂ ਮੁੱਖ ਮੰਤਰੀ ਚੰਨੀ ਸਬੰਧੀ ਦਿੱਤੇ ਗਏ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆ ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਬਿਆਨ ਹਾਸੋਹੀਣ ਬਿਆਨ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਰਾਜਨੀਤਕ ਬਿਆਨ ਜੋ ਮਰਜ਼ੀ ਹੋਣ ਪਰ ਮੁੱਖ ਮੰਤਰੀ ਚੰਨੀ ਚਮਕੌਰ ਸਾਹਿਬ ਤੋਂ ਜਿੱਤ ਰਹੇ ਹਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਧਰਤੀ ਦੇ ਨਾਲ ਜੁੜੇ ਹੋਏ ਇਨਸਾਨ ਹੈ ਅਤੇ ਉਨ੍ਹਾਂ ਵੱਲੋਂ ਪਿਛਲੇ ਦਿਨ੍ਹਾਂ ਦੇ ਵਿੱਚ ਪੰਜਾਬ ਦੀ ਖੁਸ਼ਹਾਲੀ ਦੇ ਲਈ ਅਣਥੱਕ ਯਤਨ ਕੀਤੇ ਗਏ।
ਇਹ ਵੀ ਪੜੋ: ਕੀ ਬੇਅਦਬੀ, ਡਰੱਗਜ਼ ਤੇ ਮਾਈਨਿੰਗ ਮੁੱਦੇ ਬਨਣਗੇ ਮੈਨੀਫੈਸਟੋ ਦਾ ਹਿੱਸਾ?