ਕੀਰਤਪੁਰ ਸਾਹਿਬ: ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਾਕੇਬੰਦੀ ਦੌਰਾਨ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ 50 ਪੇਟੀਆਂ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ।
ਐਸਐਚਓ ਸੰਨੀ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਏਐਸਆਈ ਬਲਵੀਰ ਚੰਦ ਦੀ ਅਗਵਾਈ ਹੇਠ ਐਸਵਾਈਐਲ ਨਹਿਰ ਪਿੰਡ ਪਿਰਥੀਪੁਰ ਨਜ਼ਦੀਕ ਮੌਜੂਦ ਸੀ। ਇਸੇ ਦੌਰਾਨ ਇਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਐਚਆਰ-70-ਏ-0226 ਬੁੰਗਾ ਸਾਹਿਬ ਵੱਲੋਂ ਆਈ। ਇਸ ਦੌਰਾਨ ਪੁਲਿਸ ਪਾਰਟੀ ਨੂੰ ਅੱਗੇ ਖੜ੍ਹੀ ਦੇਖ ਡਰਾਈਵਰ ਨੇ ਗੱਡੀ ਰੋਕ ਲਈ, ਜਿਸ ਨੂੰ ਸ਼ੱਕ ਪੈਣ ਤੇ ਕਾਬੂ ਕਰ ਤਲਾਸ਼ੀ ਲਈ ਗਈ।
ਇਸ ਤਲਾਸ਼ੀ ਦੌਰਾਨ ਪੁਲਿਸ ਪਾਰਟੀ ਨੂੰ ਗੱਡੀ ਦੀ ਡਿੱਗੀ ਵਿੱਚੋਂ ਗੱਤੇ ਦੀਆਂ ਬੰਦ ਪੇਟੀਆਂ ਮਿਲੀਆਂ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਨ੍ਹਾਂ ਵਿੱਚੋਂ ਸ਼ਰਾਬ ਮਾਰਕਾ ਯੂਕੇ ਨੰਬਰ ਵਿਸਕੀ ਚੰਡੀਗੜ੍ਹ ਵਿੱਚ ਵਿਕਣ ਯੋਗ ਬਰਾਮਦ ਹੋਈ। ਪੁਲਿਸ ਵੱਲੋਂ ਪੇਟੀਆਂ ਦੀ ਗਿਣਤੀ ਕਰਨ ’ਤੇ ਕੁੱਲ 50 ਪੇਟੀਆਂ ਬਰਾਮਦ ਹੋਈਆਂ, ਜੋ ਕਿ ਸ਼ਰਾਬ ਇੱਕ ਹੀ ਕੰਪਨੀ ਦੇ ਮਾਰਕੇ ਦੀਆਂ ਸਨ।
ਫੜ੍ਹੇ ਗਏ ਮੁਲਜ਼ਮਾਂ ਦੀ ਪਹਿਚਾਣ ਸੁਖਵਿੰਦਰ ਸਿੰਘ ਵਾਸੀ ਪਿੰਡ ਦਹੀਰਪੁਰ ਅਤੇ ਸੀਟ ’ਤੇ ਬੈਠੇ ਵਿਅਕਤੀ ਦੀ ਪਹਿਚਾਣ ਬਲਰਾਮ ਕੁਮਾਰ ਵਾਸੀ ਪਿੰਡ ਰੂੜੇਵਾਲ ਹਾਲ ਵਾਸੀ ਆਜ਼ਮਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।