ਰੋਪੜ: ਸਿਹਤ ਮੰਤਰੀ ਬਲਬੀਰ ਸਿੱਧੂ ਨੇ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਪਿੰਡ ਫੂਲ ਦਾ ਦੌਰਾ ਕੀਤਾ ਹੈ। ਮੰਤਰੀ ਨੇ ਮੈਡੀਕਲ ਕੈਂਪ ਵਿਚ ਮੌਜੂਦ ਡਾਕਟਰਾਂ ਨੂੰ ਹਰ ਇੱਕ ਪਿੰਡ ਵਾਸੀ ਦੀ ਸਿਹਤ ਜਾਂਚ ਕਰਨ ਸਬੰਧੀ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਲੋਕਾਂ ਦੀ ਸਹੂਲਤ ਦੇ ਸਾਰੇ ਪ੍ਰਬੰਧ ਲਗਾਤਾਰ ਜਾਰੀ ਰੱਖਣ ਦੀ ਹਦਾਇਤ ਕੀਤੀ ਅਤੇ ਲੋਕਾਂ ਦੇ ਮੁੜ ਵਸੇਬੇ ਦੇ ਕੰਮ ਨੂੰ ਜਾਰੀ ਰੱਖਣ ਸਬੰਧੀ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਵਿਚ ਵਿਸ਼ੇਸ਼ ਤੌਰ 'ਤੇ ਸਿਹਤ ਚੈੱਕਅਪ ਕੈਂਪ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ਵਿਚ ਪਿੰਡ ਵਾਸੀਆਂ ਦੀ ਲਗਾਤਾਰ ਸਿਹਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ੳਨ੍ਹਾਂ ਕਿਹਾ ਕਿ ਕੈਂਪ ਵਿਚ ਮੌਜੂਦ ਡਾਕਟਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡ ਦੇ ਹਰ ਇੱਕ ਵਿਅਕਤੀ ਦੀ ਸਿਹਤ ਜਾਂਚ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਰੂਰਤ ਅਨੁਸਾਰ ਦਵਾਈਆਂ ਵੀ ਮੁਹਈਆ ਕਰਵਾਈਆਂ ਜਾਣ।
ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਵਲੋਂ ਲੋੜੀਦੀਆਂ ਵਸਤੂਆਂ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕਰਨ ਸਬੰਧੀ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਪਿੰਡ ਫੂਲ ਵਿਚ ਲਗਾਏ ਗਏ ਵਿਸ਼ੇਸ਼ ਮੈਡੀਕਲ ਚੈੱਕਅਪ ਕੈਂਪ ਵਿਚ ਪਹੁੰਚ ਕੇ ਮੌਜੂਦ ਡਾਕਟਰਾਂ ਤੋਂ ਪਿੰਡ ਵਾਸੀਆਂ ਦੀ ਸਿਹਤ ਸੰਬੰਧੀ ਵਿਸਥਾਾਰ ਨਾਲ ਜਾਣਕਾਰੀ ਹਾਸਲ ਕੀਤੀ।
ਇਹ ਵੀ ਪੜੋ: ਪਰਮਿੰਦਰ ਸਿੰਘ ਢੀਂਡਸਾ ਨੇ ਹੜ੍ਹ ਪੀੜਤਾਂ ਲਈ ਮੰਗੀ ਮਦਦ
ਉਨਾਂ ਨੇ ਡਾਕਟਰਾਂ ਨੁੰ ਨਿਰਦੇਸ਼ ਦਿੰਦਿਆਂ ਕਿਹਾ ਕਿ ਹਰ ਇੱਕ ਵਿਅਕਤੀ ਦੇ ਘਰ ਜਾ ਕੇ ਸਿਹਤ ਜਾਂਚਣ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਬਾਅਦ ਉਨਾਂ ਨੇ ਪਿੰਡ ਦੀ ਡਿਸਪੈਂਸਰੀ ਦਾ ਵੀ ਜਾਇਜ਼ਾ ਲਿਆ ਅਤੇ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਰਿਕਾਰਡ ਨੂੰ ਸੰਭਾਲਨ ਸਬੰਧੀ ਵੀ ਵਿਸ਼ੇਸ਼ ਤੌਰ 'ਤੇ ਯਤਨ ਕੀਤੇ ਜਾਣ।