ਰੂਪਨਗਰ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਲੰਬੇ ਸਮੇਂ ਤੋਂ ਲੌਕਡਾਊਨ ਲੱਗਿਆ ਹੋਇਆ ਸੀ, ਜਿਸ ਕਾਰਨ ਸਾਰੇ ਸਕੂਲਾਂ, ਕਾਲਜਾਂ ਨੂੰ ਵੀ ਬੰਦ ਕੀਤਾ ਗਿਆ ਸੀ। ਹੁਣ ਦੇਸ਼ ਭਰ ਵਿੱਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪਰ ਵਿੱਦਿਅਕ ਅਦਾਰਿਆਂ ਨੂੰ ਅਜੇ ਵੀ ਬੰਦ ਰੱਖਣ ਦਾ ਹੀ ਫੈਸਲਾ ਲਿਆ ਗਿਆ ਹੈ। ਇਸ ਦੇ ਚੱਲਦੇ ਸਕੂਲਾਂ ਵੱਲੋਂ ਬੱਚਿਆਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੀ ਪੜ੍ਹਾਈ 'ਤੇ ਅਸਰ ਨਾ ਪਵੇ। ਇਸ ਸਬੰਧੀ ਰੂਪਨਗਰ ਦੇ ਸਕੂਲੀ ਬੱਚਿਆਂ ਨੇ ਲੌਕਡਾਊਨ ਦੌਰਾਨ ਆਪਣੀ ਪੜ੍ਹਾਈ ਦੇ ਤਜ਼ਰਬੇ ਸਾਂਝੇ ਕੀਤੇ।
ਇਸ ਮੌਕੇ ਨੌਵੀਂ ਕਲਾਸ ਦੀ ਵਿਦਿਆਰਥਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲੌਕਡਾਊਨ ਦੌਰਾਨ ਕਈ-ਕਈ ਘੰਟੇ ਆਨਲਾਈਨ ਕਲਾਸਾਂ ਲਗਾਉਣੀ ਪੈ ਰਹੀ ਹੈ, ਜਿਸ ਨਾਲ ਉਨ੍ਹਾਂ ਦੀਆਂ ਅੱਖਾਂ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਦੇ ਘਰਾਂ ਵਿੱਚ ਜ਼ਿਆਦਾ ਬੱਚੇ ਹਨ ਅਤੇ ਉਨ੍ਹਾਂ ਦੇ ਘਰ ਵਿੱਚ ਮੋਬਾਈਲ ਘੱਟ ਹਨ ਤਾਂ ਉਨ੍ਹਾਂ ਨੂੰ ਕਲਾਸਾਂ ਲਗਾਉਣ ਵਿੱਚ ਵੀ ਦਿੱਕਤ ਆ ਰਹੀ ਹੈ।
ਇਹ ਵੀ ਪੜ੍ਹੋ: ਅਨਲੌਕ 1: ਦੇਸ਼ 'ਚ ਅੱਜ ਤੋਂ ਖੁੱਲ੍ਹੇ ਧਾਰਮਿਕ ਸਥਾਨ, ਕੇਂਦਰ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਭਾਰਤ ਵਿੱਚ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਸਕੂਲਾਂ ਨੂੰ ਬੰਦ ਹੀ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਦਾ ਕੋਈ ਇਲਾਜ ਨਹੀਂ ਲੱਭਦਾ ਜਾਂ ਇਸ ਨੂੰ ਠੱਲ ਨਹੀਂ ਪੈਂਦੀ, ਉਦੋਂ ਤੱਕ ਸਕੂਲ ਬੰਦ ਹੀ ਰੱਖਣੇ ਚਾਹੀਦੇ ਹਨ।