ਰੋਪੜ: ਰੂਪਨਗਰ ਦੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿੱਚ ਕ੍ਰਿਸ਼ਨਾ ਦੇਵੀ ਚੇਅਰਪਰਸਨ ਅਤੇ ਬਿਮਲ ਕੌਰ ਉੱਪ ਚੇਅਰਪਰਸਨ ਚੁਣੇ ਗਏ। ਸੰਵਿਧਾਨਿਕ ਤੌਰ ’ਤੇ ਹੋਈ ਇਸ ਚੋਣ ਉਪਰੰਤ ਸਾਰੇ ਜਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਅਹੁਦੇਦਾਰ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਰਿਹਾਇਸ਼ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਮੌਕੇ ਸਪੀਕਰ ਰਾਣਾ ਕੇ.ਪੀ. ਸਿੰਘ, ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਨਵੇਂ ਚੁਣੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਪੇਂਡੂ ਖੇਤਰ ਦੇ ਵਿਕਾਸ ਵਿੱਚ ਪੰਚਾਇਤ ਸੰਮਤੀ ਆਹੁਦੇਦਾਰਾਂ ਤੇ ਮੈਂਬਰਾਂ ਦੇ ਯੋਗਦਾਨ ਬਾਰੇ ਦੱਸਿਆ। ਨਵੇ ਬਣੇ ਚੇਅਰਮੈਨ, ਉਪ ਚੇਅਰਪਰਸਨ ਅਤੇ ਹੋਰ ਅਹੁਦੇਦਾਰਾਂ ਨੇ ਉਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਇਸ ਇਲਾਕੇ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਹੈ, ਉਸ ਅਨੁਸਾਰ ਵਿਕਾਸ ਨੂੰ ਹੀ ਤਰਜੀਹ ਦਿੱਤੀ ਜਾਵੇਗੀ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਹ ਅਹੁਦੇਦਾਰ ਅਤੇ ਮੈਂਬਰ ਆਪਣੇ ਇਲਾਕੇ ਦੀਆਂ ਮੁਸ਼ਕਿਲਾਂ ਅਤੇ ਬੁਨਿਆਂਦੀ ਜ਼ਰੂਰਤਾਂ ਤੋਂ ਜ਼ਮੀਨੀ ਪੱਧਰ ’ਤੇ ਜਾਣੂ ਹੁੰਦੇ ਹਨ, ਇਸ ਲਈ ਵਿਕਾਸ ਦੇ ਕੰਮ ਕਰਵਾਉਣ ਸਮੇਂ ਉਨ੍ਹਾਂ ਕੰਮਾਂ ਨੂੰ ਤਰਜੀਹ ਦਿੰਦੇ ਹਨ, ਜਿਨ੍ਹਾਂ ਕਾਰਨ ਲੋਕਾਂ ਨੂੰ ਵਧੇਰੇ ਮੁਸ਼ਕਿਲ ਪੇਸ਼ ਆ ਰਹੀ ਹੁੰਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਵਿੱਚ ਪੇਂਡੂ ਖੇਤਰ ਦੀਆਂ ਇਨ੍ਹਾਂ ਚੋਣਾਂ ਅਤੇ ਨੁਮਾਇੰਦੀਆਂ ਵਲੋਂ ਸਰਬਸੰਮਤੀ ਨਾਲ ਕੀਤੀ ਚੋਣ ਨਾਲ ਵਿਕਾਸ ਦੀ ਗਤੀ ਹੋਰ ਮਜ਼ਬੂਤ ਹੋਵੇਗੀ।ਉਨਾਂ ਕਿਹਾ ਕਿ ਪਿੰਡਾਂ ਦਾ ਬਿਨ੍ਹਾਂ ਕਿਸੇ ਪੱਖ ਪਾਤ ਤੋਂ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ।