ਰੂਪਨਗਰ: ਜ਼ਿਲ੍ਹੇ ਨਾਲ ਸਬੰਧਤ ਜਬਰ-ਜਨਾਹ ਪੀੜਤ ਦੋ ਬੱਚੀਆਂ ਨੂੰ 7-7 ਲੱਖ ਰੁਪਿਆ ਮੁਆਵਜ਼ਾ ਦੇ ਰੂਪ ਦੇ ਵਿੱਚ ਦਿੱਤਾ ਗਿਆ ਹੈ। ਰੂਪਨਗਰ ਦੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਬਰ ਜਨਾਹ ਦੇ ਮਾਮਲੇ ਵਿੱਚ ਨਾਲਸਾ ਯੋਜਨਾ ਅਧੀਨ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਰਿੰਦਰ ਪਾਲ ਕੌਰ ਦੀ ਅਦਾਲਤ ਵੱਲੋਂ ਦੋ ਪੀੜਤ ਬੱਚੀਆਂ ਨੂੰ 14 ਲੱਖ ਰੁਪਏ ਮੁਆਵਜ਼ੇ ਦੇ ਰੂਪ ਦੇ ਵਿੱਚ ਦਿੱਤੇ ਗਏ ਹਨ।
ਜਬਰ ਜਨਾਹ ਪੀੜਤ ਇਨ੍ਹਾਂ ਦੋਨਾਂ ਬੱਚੀਆਂ ਨੂੰ 7-7 ਲੱਖ ਰੁਪਏ ਮੁਆਵਜ਼ਾ ਰਾਸ਼ੀ ਵਜੋਂ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਫਿਕਸ ਡਿਪੋਜ਼ਿਟ ਵਜੋਂ ਜਮ੍ਹਾਂ ਕਰਵਾਏ ਜਾਣਗੇ ਅਤੇ ਇਹ ਬਾਲਗ ਹੋ ਕੇ ਰਾਸ਼ੀ ਨੂੰ ਪ੍ਰਾਪਤ ਕਰ ਸਕਦੀਆਂ ਹਨ। ਇਸ ਕੇਸ ਦੇ ਵਿੱਚ ਦੋਸ਼ੀਆਂ ਨੂੰ ਪਹਿਲਾਂ ਹੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਰਿੰਦਰ ਪਾਲ ਕੌਰ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਹੁਣ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ।
ਇਸ ਸਬੰਧੀ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਸੀਜੇਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਰੂਪਨਗਰ ਜੱਜ ਹਰਸਿਮਰਨਜੀਤ ਸਿੰਘ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਉਨ੍ਹਾਂ ਮੀਡੀਆ ਦੇ ਰਾਹੀਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਦੇ ਆਸ ਪਾਸ ਕੋਈ ਤੇਜ਼ਾਬੀ ਹਮਲਾ, ਜਬਰ ਜਨਾਹ, ਕਤਲ, ਸਰੀਰਕ ਸੋਸ਼ਣ ਜਾਂ ਹੋਰ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਰੂਪਨਗਰ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਦੇ ਨਾਲ-ਨਾਲ ਮੁਆਵਜ਼ਾ ਰਾਸ਼ੀ ਵੀ ਦਿਵਾਈ ਜਾ ਸਕੇ।