ਸ੍ਰੀ ਅਨੰਦਪੁਰ ਸਾਹਿਬ: ਜਿਵੇਂ ਹੀ ਮੀਂਹ ਦਾ ਮੌਸਮ ਸ਼ੁਰੂ ਹੋਇਆ ਹੈ ਤਾਂ ਦਰਿਆ ਸਤਲੁਜ ਦੇ ਕੰਡੇ ਵਸੇ ਪਿੰਡਾਂ ਦੇ ਲੋਕਾਂ ਦੀ ਵੀ ਨੀਂਦ ਉੱਡ ਗਈ ਹੈ। ਭਾਖੜਾ ਬਿਆਸ ਪ੍ਰਬੰਧਕ ਬੋਰਡ ਨੇ ਭਾਖੜਾ ਡੈਮ ਵਿੱਚੋਂ ਅਚਾਨਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਦਰਿਆ ਦੇ ਕੰਡੇ ਮੌਜੂਦ ਪਿੰਡਾਂ ਦੀਆਂ ਜ਼ਮੀਨਾਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਤੋਂ ਦੁਖੀ ਹੋਏ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਬੀਬੀਐੱਮਬੀ ਦੇ ਖ਼ਿਲਾਫ਼ ਸ੍ਰੀ ਅਨੰਦਪੁਰ ਸਾਹਿਬ-ਚੰਡੀਗੜ੍ਹ ਮਾਰਗ 'ਤੇ ਧਰਨਾ ਲਾ ਦਿੱਤਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨਾ ਦੇ ਰਹੇ ਇਲਾਕਾ ਵਾਸੀਆਂ ਨੇ ਕਿਹਾ ਕਿ ਬੀਬੀਐੱਮਬੀ ਬਿਨ੍ਹਾਂ ਕਿਸੇ ਜਾਣਕਾਰੀ ਦੇ ਅਚਾਨਕ ਦਰਿਆ ਵਿੱਚ ਪਾਣੀ ਛੱਡ ਰਿਹਾ ਹੈ। ਇਸ ਕਾਰਨ ਕਈ ਪਿੰਡਾਂ ਦੀ ਜ਼ਮੀਨ ਦਰਿਆ ਵਿੱਚ ਰੁੜ੍ਹ ਦੀ ਜਾ ਰਹੀ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਬੀਤੇ ਸਾਲ ਆਏ ਭਿਆਨਕ ਹੜ੍ਹਾਂ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਧਰਨੇ ਵਾਲੀ ਥਾਂ 'ਤੇ ਪਹੁੰਚੇ ਸ੍ਰੀ ਆਨੰਦਪੁਰ ਸਾਹਿਬ ਦੇ ਐਸਡੀਐਮ ਕੰਨੂ ਗਰਗ ਨੇ ਕਿਹਾ ਕਿ ਬੀਬੀਐੱਮਬੀ ਨੂੰ ਦਰਿਆ ਵਿੱਚ ਛੱਡੇ ਜਾਣ ਵਾਲੇ ਪਾਣੀ ਨੂੰ ਘੱਟ ਕਰਨ ਦੇ ਲਈ ਆਖਿਆ ਜਾਵੇਗਾ। ਉੱਥੇ ਹੀ ਜਲਦ ਦਰਿਆ ਦੇ ਵਿੱਚ ਗ੍ਰੇਟ ਵਾਲ ਲਗਾਉਣ ਦਾ ਕੰਮ ਕੀਤਾ ਜਾਵੇਗਾ ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਵੱਲੋਂ ਐਸਡੀਐਮ ਸ੍ਰੀ ਆਨੰਦਪੁਰ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਧਰਨਾ ਸਮਾਪਤ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਵੀ ਇਸ ਇਲਾਕੇ ਨੇ ਭਿਆਨਕ ਹੜ੍ਹਾਂ ਦਾ ਸੰਤਾਪ ਹੰਡਾਇਆ ਸੀ। ਇਸ ਵਾਰ ਵੀ ਪ੍ਰਸ਼ਾਸਨ ਤੇ ਬੀਬੀਐੱਮਬੀ ਦੀ ਨਲਾਇਕੀ ਇਸ ਇਲਾਕੇ ਨੂੰ ਹੜ੍ਹਾਂ ਦੇ ਮੂੰਹ ਵੱਲ ਧੱਕ ਰਹੀ ਹੈ।