ਰੋਪੜ: ਜ਼ਿਲ੍ਹੇ ਦੇ ਪਿੰਡ ਭੱਲੜੀ ਦੇ 23 ਸਾਲ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਬਖਸ਼ੀਸ ਸਿੰਘ ਦੀ ਦੁਬਈ 'ਚ ਸੜਕ ਹਾਦਸੇ ਕਾਰਨ ਦਰਦਨਾਕ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਨੌਜਵਾਨ ਕਰੀਬ ਡੇਢ ਸਾਲ ਪਹਿਲਾ ਬਤੌਰ ਟਰੱਕ ਡਰਾਈਵਰ ਵਿਦੇਸ਼ ਗਿਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੁਬਈ ਦੀ ਕਿਸੇ ਕੰਪਨੀ ਵਿੱਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਉਹ ਟਰੱਕ ਵਿੱਚ ਕੁਝ ਸਾਮਾਨ ਲੋਡ ਕਰ ਕੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੇ ਟਰੱਕ ਦੀ ਟੱਕਰ ਸੜਕ ਵਿਚਕਾਰ ਖੜ੍ਹੇ ਇੱਕ ਹੋਰ ਵਾਹਨ ਨਾਲ ਹੋ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਉਪਰੰਤ ਟਰੱਕ ਨੂੂੰ ਅੱਗ ਲੱਗ ਗਈ ਅਤੇ ਨੌਜਵਾਨ ਟਰੱਕ ਵਿੱਚ ਹੀ ਜ਼ਿੰਦਾ ਸੜ ਗਿਆ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆਂ 'ਤੇ ਵਾਇਰਲ ਹੋਣ ਪਿੱਛੋਂ ਪਿੰਡ ਭੱਲੜੀ ਵਿੱਚ ਸੋਗ ਫੈਲ ਗਿਆ। ਮ੍ਰਿਤਕ ਦੇ ਵਾਰਿਸਾਂ ਵਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਇੱਕ ਦੋ ਦਿਨ ਦਾ ਸਮਾਂ ਲਗ ਸਕਦਾ ਹੈ।
ਪਿੰਡ ਵਿੱਚ ਸੋਗ ਦੀ ਲਹਿਰ: 23 ਸਾਲ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਭੱਲੜੀ ਵਿੱਚ ਸੋਗ ਫੈਲ ਗਿਆ। ਪਿੰਡਵਾਸੀਆਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਬਹੁਤ ਵਧੀਆ ਸੁਭਾਅ ਦਾ ਮਾਲਿਕ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਇਸ ਬੇਵਕਤੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਘਾਲਣਾ ਘਾਲਣ ਤੋਂ ਬਾਅਦ ਇਹ ਨੌਜਵਾਨ ਰੋਜ਼ੀ ਦੀ ਭਾਲ ਵਿੱਚ ਦੁਬਈ ਅੰਦਰ ਡਰਾਈਵਰੀ ਕਰਨ ਲਈ ਗਿਆ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪਿੰਡ ਵਾਸੀਆਂ ਨੇ ਪਰਿਵਾਰ ਦੀ ਮਦਦ ਕਰਨ ਲਈ ਸਰਕਾਰ ਨੂੰ ਗੁਹਾਰ ਲਗਾਈ ਹੈ।
ਦੱਸ ਦਈਏ ਅਜਿਹਾ ਹੀ ਮਾਮਲਾ ਬੀਤੇ ਸਮੇਂ ਦੌਰਾਨ ਦੁਬਈ ਤੋਂ ਪਹਿਲਾਂ ਵੀ ਸਾਹਮਣੇ ਆਇਆ ਸੀ ਜਦੋਂ ਅੰਮ੍ਰਿਤਸਰ ਦੇ ਪਿੰਡ ਮੱਤੇਵਾਲ ਦਾ ਰਹਿਣ ਵਾਲਾ ਜੋਬਨਪ੍ਰੀਤ ਜੋ ਕਿ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਦੁਬਈ ਵਿੱਚ ਨੌਕਰੀ ਕਰਨ ਗਿਆ ਸੀ ਅਤੇ ਦੁਬਈ ਵਿੱਚ ਟ੍ਰਾਲਾ ਚਲਾਉਂਦਾ ਸੀ । ਟ੍ਰਾਲਾ ਲੈਕੇ ਸਉਦੀ ਅਰਬ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਟ੍ਰਾਲਾ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਜੋਬਨਪ੍ਰੀਤ ਦੀ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੇ ਭਰਾ ਦਾ ਕਹਿਣਾ ਸੀ ਕਿ ਉਸ ਨੂੰ ਪਹਿਲਾਂ ਵਿਦੇਸ਼ ਤੋਂ ਕਿਸੇ ਦਾ ਫੋਨ ਆਇਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦੇਰ ਬਾਅਦ ਦੁਆਰਾ ਫੋਨ ਆਇਆ ਤਾਂ ਉਨ੍ਹਾਂ ਦੱਸਿਆ ਕਿ ਉਸਦੇ ਭਰਾ ਜੋਬਨਪ੍ਰੀਤ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਚਾਚੇ ਨੇ ਦੱਸਿਆ ਸੀ ਕਿ ਕਰੀਬ ਚਾਰ ਪੰਜ ਸਾਲ ਤੋਂ ਨੌਜਵਾਨ ਵਿਦੇਸ਼ ਗਿਆ ਸੀ।
ਇਹ ਵੀ ਪੜ੍ਹੋ: CM Beant Singh murder case: ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲੀ ਕੋਈ ਰਾਹਤ, ਅੰਤਿਮ ਫੈਸਲਾ ਕੇਂਦਰੀ ਗ੍ਰਹਿ ਵਿਭਾਗ ਦੇ ਹਵਾਲੇ