ਪਟਿਆਲਾ: ਨਾਭਾ ਬਲਾਕ ਦੇ ਪਿੰਡ ਸਮਲਾ ਵਿਖੇ ਇਕ ਆਰ.ਐਮ.ਪੀ ਝੋਲਾ ਛਾਪ ਡਾਕਟਰ ਵੱਲੋਂ ਆਪਣੀ ਦੁਕਾਨ ਦੀ ਆੜ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਸ਼ੀਲੀਆਂ ਗੋਲੀਆਂ ਵੇਚ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਗਰਕ ਕਰ ਰਿਹਾ ਸੀ। ਜਦੋਂ ਇਸ ਦਾ ਪਤਾ ਪੁਲਿਸ ਨੂੰ ਲੱਗਿਆ ਤਾਂ ਪੁਲਿਸ ਨੇ ਨਾਕਾ ਲਗਾ ਕੇ ਝੋਲਾ ਛਾਪ ਡਾਕਟਰ ਸੋਹਣ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਸੈਂਕੜੇ ਦੀ ਤਾਦਾਦ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ।
ਇਸ ਮੌਕੇ ਤੇ ਨਾਭਾ ਰੋਹਟੀ ਪੁਲ ਚੌਂਕੀ ਦੇ ਇੰਚਾਰਜ ਜੱਗਾ ਸਿੰਘ ਨੇ ਦੱਸਿਆ, ਕਿ ਇਹ ਆਰ.ਐਮ.ਪੀ ਝੋਲਾ ਛਾਪ ਡਾਕਟਰ ਪਿੰਡ ਵਿੱਚ ਹੀ ਦੁਕਾਨ ਕਰ ਕੇ ਪਿੰਡ ਦੇ ਹੀ ਨੌਜਵਾਨਾਂ ਅਤੇ ਆਲੇ ਦੁਆਲੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧਕੇਲ ਰਿਹਾ ਸੀ।
ਜਦੋਂ ਡਾਕਟਰ ਪਿੰਡ ਤੋਂ ਕੁੱਝ ਦੂਰੀ ਤੇ ਕਿਸੇ ਨੂੰ ਨਸ਼ਾ ਦੇਣ ਜਾ ਰਿਹਾ ਸੀ, ਤਾਂ ਇਸ ਨੂੰ ਨਸ਼ੇ ਸਮੇਤ ਕਾਬੂ ਕਰਕੇ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਦੇ ਕੇਸ ਵਿੱਚ ਹੁਣ ਘੱਟੋ-ਘੱਟ 10 ਸਾਲ ਦੀ ਸਜ਼ਾ ਹੈ।
ਇਹ ਵੀ ਪੜ੍ਹੋ:- ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ