ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਲੋਂ ਫੀਸਾਂ ਦੇ ਵਿੱਚ ਕੀਤੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਿਰੁੱਧ ਵੰਗਾਰ ਰੈਲੀ ਕੀਤੀ। ਇਸ ਨੂੰ ਲੈਕੇ ਪਿਛਲੇ 11 ਦਿਨਾਂ ਤੋਂ ਵਿਦਿਆਰਥੀਆਂ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਲੋਂ ਆਪਣੀਆਂ 10 ਮੰਗਾਂ ਵਾਈਸ ਚਾਂਸਲਰ ਦੇ ਅੱਗੇ ਰੱਖਿਆ ਗਈਆ ਸੀ, ਜਿਨ੍ਹਾਂ ਵਿੱਚੋ 9 ਮੰਗਾਂ ਇਨ੍ਹਾਂ ਵਿਦਿਆਰਥੀਆਂ ਦੀਆਂ ਮੰਨ ਲਈਆਂ ਗਈਆਂ ਸਨ ਤੇ ਆਖ਼ਰੀ ਮੰਗ ਦੇ ਉੱਪਰ ਸੋਚ-ਵਿਚਾਰ ਕਰਨ ਦੀ ਗੱਲ ਆਖੀ ਗਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈਕੇ ਕੋਈ ਪੁਖਤਾ ਹੱਲ ਨਾ ਕੀਤਾ ਤਾਂ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਗੇਟ ਨੂੰ ਬੰਦ ਕਰ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਸ਼ਪਿੰਦਰ ਜਿੰਮੀ ਨੇ ਦੱਸਿਆ ਕਿ ਅੱਜ ਅਸੀਂ ਵੰਗਾਰ ਰੈਲੀ ਪੰਜਾਬ ਸਰਕਾਰ ਦੇ ਵਿਰੁੱਧ ਕਰ ਰਹੇ ਹਾਂ। ਜਿਸ ਦਾ ਮੁੱਖ ਕਾਰਨ ਪੰਜਾਬ ਸਰਕਾਰ ਦੇ ਦਬਾਅ ਹੇਠ ਆ ਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਲੋਂ ਫੀਸਾਂ 'ਚ ਵਾਧਾ ਕੀਤਾ ਗਿਆ ਹੈ। ਜਿਸ ਦੇ ਨਾਲ ਕਈ ਗਰੀਬ ਪਰਿਵਾਰਾਂ ਤੋਂ ਆ ਕੇ ਇਥੇ ਪੜ੍ਹ ਰਹੇ ਵਿਦਿਆਰਥੀਆਂ ਦੇ ਉੱਤੇ ਬੋਝ ਪੈ ਰਿਹਾ ਹੈ।
ਇਹ ਵੀ ਪੜ੍ਹੋ: ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਗੁਜਰਾਤ, ਹਰਿਆਣਾ, ਪੰਜਾਬ ਸਭ ਤੋਂ ਉੱਪਰ ਹਨ
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਦੂਜੀ ਮੰਗ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪਰ ਵਿੱਤੀ ਸੰਕਟ ਚੱਲ ਰਿਹਾ ਹੈ ਉਸ ਨੂੰ ਖਤਮ ਕਰਨ ਦਾ ਮੁੱਦਾ ਹੈ। ਇਸ ਲਈ ਸਰਕਾਰ ਅੱਗੇ ਸਾਡੀ ਮੰਗ ਹੈ ਕਿ ਯੂਨੀਵਰਸਿਟੀ 'ਤੇ ਚੱਲ ਰਹੇ ਵਿੱਤੀ ਘਾਟੇ ਨੂੰ ਖ਼ਤਮ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਭਲਾਈ ਹੋ ਸਕੇ। ਉਨ੍ਹਾਂ ਦਾ ਕਹਿਣਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਗੱਲ 'ਤੇ ਗੌਰ ਨਹੀਂ ਕਰਦੀ ਤਾਂ ਉਹ ਸੰਘਰਸ਼ ਤੇਜ਼ ਕਰਨਗੇ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰੱਖੇ ਕਿਸੇ ਪ੍ਰੋਗਰਾਮ 'ਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਸ਼ਿਰਕਤ ਕਰਨੀ ਸੀ ਪਰ ਸਾਡੇ ਪ੍ਰਦਰਸ਼ਨ ਨੂੰ ਵੇਖ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਵਿਦਿਆਰਥੀਆਂ ਦਾ ਕਹਿਣਾ ਕਿ ਜਦੋਂ ਤੱਕ ਸਾਡਾ ਮਸਲਾ ਹੱਲ ਨਹੀ ਹੁੰਦਾ ਅਸੀਂ ਕਿਸੇ ਵੀ ਮੰਤਰੀ ਨੂੰ ਇਥੇ ਨਹੀਂ ਆਉਣ ਦੇਵਾਂਗੇ।
ਇਹ ਵੀ ਪੜ੍ਹੋ:ਫਡਨਵੀਸ ਨੇ ਨਵਾਬ ਮਲਿਕ ਦੇ ਅੰਡਰਵਰਲਡ ਨਾਲ ਸਬੰਧ ਦਾ ਦੋਸ਼ ਲਗਾਇਆ