ਪਟਿਆਲਾ: ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਘੜਾਮ, ਦੁਧਾਨ, ਸਾਧਾਂ, ਦੇਵਿਗੜ੍ਹ ਅਤੇ ਕਈ ਹੋਰ ਕਸਬਿਆਂ 'ਚ ਝੋਨੇ ਦੀ ਖ਼ਰੀਦ ਨਾ ਮਾਤਰ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਅਕਾਲੀ ਦਲ ਦੇ ਸਨੌਰ ਤੋਂ ਵਿਧਾਇਕ ਹਰਿੰਦਰ ਪਾਲ ਚੰਦੂਮਾਜਰਾ ਨੇ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਕ ਤਾਂ ਉਹ ਪਹਿਲਾਂ ਹੀ ਹੜ੍ਹ ਦੀ ਮਾਰ ਕਰਕੇ ਨੁਕਸਾਨ ਝੱਲ ਚੁੱਕੇ ਹਨ। ਹੁਣ ਦੂਜੇ ਪਾਸੇ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਉਨ੍ਹਾਂ ਨੂੰ ਘੱਟ ਕੀਮਤ 'ਤੇ ਝੋਨਾ ਚੀਕੇ ਜਾ ਕੇ ਵੇਚਣਾ ਪੈ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਉਹ ਆਰਥਿਕ ਪੱਖੋਂ ਟੁੱਟ ਚੁੱਕੇ ਹਨ। ਦੂਜਾ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਉਨ੍ਹਾਂ ਦਾ ਬਹੁਤ ਬੁਰਾ ਹਾਲ ਹੈ। ਇਸ ਮੌਕੇ ਆੜ੍ਹਤੀਆਂ ਨੇ ਵੀ ਸਰਕਾਰ ਵੱਲੋਂ ਸਹੀ ਕਦਮ ਨਾ ਚੁੱਕੇ ਜਾਣ ਦੀ ਗੱਲ ਕਹੀ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਮੰਡੀਆਂ ਵਿੱਚ ਬਹੁਤ ਮਾੜਾ ਹਾਲ ਹੈ। ਕਿਸਾਨ ਕਈ ਕਈ ਦਿਨ ਤੋਂ ਮੰਡੀਆਂ ਵਿੱਚ ਭੁੱਖੇ ਬੈਠੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ: 'ਸ਼ਬਦ ਅਨਾਹਦ ਕੀਰਤਨ' ਵਿੱਚ 550 ਕੀਰਤਨੀਆਂ ਨੇ ਸੰਗਤ ਨੂੰ ਕੀਤਾ ਨਿਹਾਲ
ਉਨ੍ਹਾਂ ਕਿਹਾ ਕਿ ਅਧਿਕਾਰੀ ਸਰਕਾਰ ਕੋਲ ਗ਼ਲਤ ਜਾਣਕਾਰੀ ਦੇ ਰਹੇ ਹਨ ਜਦਕਿ ਅਸਲੀਅਤ ਕੁੱਝ ਹੋਰ ਹੀ ਹੈ। ਇਸ ਉੱਤੇ ਤੁਰੰਤ ਕਾਰਵਾਈ ਕਰਕੇ ਕਿਸਾਨਾਂ ਦੀ ਮਦਦ ਹੋਣੀ ਚਾਹੀਦੀ ਹੈ।