ਨਾਭਾ : ਵਿਧਾਨ ਸਭਾ ਚੋਣਾਂ ਵਿੱਚ ਕਰੀਬ ਛੇ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਹਰ ਪਾਰਟੀ ਦੇ ਵੱਡੇ ਵੱਡੇ ਆਗੂਆਂ ਵੱਲੋਂ ਫੇਰਬਦਲ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ,ਕਾਂਗਰਸ ਹਾਈ ਕਮਾਂਡ ਵਿੱਚ ਆਪਸੀ ਖਿੱਚੋਤਾਣ ਦੇ ਚਲਦੇ ਹੇਠਲੇ ਪੱਧਰ ਤੇ ਵੀ ਇਸ ਦਾ ਅਸਰ ਸਾਫ ਵੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚਲਦੇ ਬੀਤੇ ਦਿਨੀਂ ਮਹਿਲਾ ਕਾਂਗਰਸ ਨਾਭਾ ਦੀ ਪ੍ਰਧਾਨ ਰੀਨਾ ਬਾਂਸਲ ਅਤੇ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢੱਲ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਸੁਖਬੀਰ ਬਾਦਲ ਦੀ ਅਗਵਾਈ ਵਿਚ ਚੰਡੀਗੜ੍ਹ ਵਿਖੇ ਅਕਾਲੀ ਦਲ ਦਾ ਪੱਲਾ ਫੜ ਲਿਆ ।
ਰੀਨਾ ਬਾਂਸਲ ਅਤੇ ਸੋਮਨਾਥ ਢੱਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਕੌਂਸਲਰਾਂ ਤੇ ਦੋਸ਼ ਲਗਾਉਂਦੇ ਕਿਹਾ ਕਿ ਇਹ ਪਾਰਟੀ ਤਾਂ ਪੈਸਿਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਅਤੇ ਕਾਂਗਰਸ ਪਾਰਟੀ ਦੇ ਵਰਕਰ ਦੀ ਕੋਈ ਪੁੱਛ ਨਹੀਂ ਹੈ।
ਰੀਨਾ ਦੇ ਪਤੀ ਬੱਲੂ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਅਹੁਦੇਦਾਰਾਂ ਦੀ ਕੋਈ ਪੁੱਛਗਿੱਛ ਨਹੀਂ ਅਤੇ ਬੀਤੇ ਸਮੇਂ ਨਗਰ ਕੌਂਸਲ ਦੀਆਂ ਟਿਕਟਾਂ ਦੀ ਵੰਡ ਪੈਸੇ ਲੈ ਕੇ ਕੀਤੀ ਗਈ ਸੀ। ਅਸੀਂ ਸ਼ੁਰੂ ਤੋਂ ਟਕਸਾਲੀ ਕਾਂਗਰਸੀ ਹਾਂ ਪਰ ਸਾਨੂੰ ਦਰਕਿਨਾਰ ਕੀਤਾ ਗਿਆ ਹੈ। ਜਿਹੜੇ ਲੋਕ ਹੁਣ ਪਾਰਟੀ ਵਿੱਚ ਆਏ ਸੀ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ l ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਵੀ ਵਾਰ-ਵਾਰ ਮੰਤਰੀ ਸਾਹਿਬ ਨੂੰ ਕਿਹਾ ਗਿਆ ਕਿ ਇਨ੍ਹਾਂ ਨੂੰ ਟਿਕਟ ਦਿੱਤੀ ਜਾਵੇ ਪਰ ਮੰਤਰੀ ਵੱਲੋਂ ਵੀ ਸਾਨੂੰ ਅਣਦੇਖਾ ਕੀਤਾ ਗਿਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਅਣਦੇਖੀਆਂ ਦੇ ਚੱਲਦੇ ਅਸੀਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਾਂ ਕਿਉਂਕਿ ਨਾਭਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਇਕ ਬੇਦਾਗ ਅਤੇ ਇਮਾਨਦਾਰ ਸ਼ਖ਼ਸ ਹਨ।
ਇਹ ਵੀ ਪੜ੍ਹੋਂ : ਕਿਸਾਨ ਆਗੂਆਂ ਨੂੰ ਚੋਣਾਂ ਲੜਨ ਲਈ ਚਲਾਉਣਾ ਚਾਹੀਂਦਾ 'ਮਿਸ਼ਨ ਪੰਜਾਬ': ਚੜੂਨੀ