ਪਟਿਆਲਾ: ਮਨੁੱਖ਼ਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ। ਇਸੇ ਧਰਮ ਨੂੰ ਨਿਭਾ ਲਹੇ ਹਨ ਡਾ. ਅਮਿਤ ਕੱਕੜ। ਵੈਸੇ ਤਾਂ ਲੰਗਰ ਲਗਦੇ ਤੁਸੀਂ ਵੇਖੇ ਹੋਣਗੇ ਪਰ ਦਵਾਈਆਂ ਦਾ ਲੰਗਰ ਲਗਦਾ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇ। ਪਰ ਪਟਿਆਲਾ ਵਿੱਚ ਜ਼ਰੁਰਤਮੰਦਾਂ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਡਾ. ਅਮਿਤ ਕੱਕੜ ਦਵਾਈਆਂ ਦਾ ਲੰਗਰ ਲਗਾਉਂਦੇ ਹਨ ਅਤੇ ਬਿਨਾਂ ਕਿਸੇ ਤੋਂ ਪੈਸੇ ਲਏ ਫ੍ਰੀ ਵਿੱਚ ਜ਼ਰੁਰਤਮੰਦਾਂ ਦਾ ਇਲਾਜ ਕਰਦੇ ਹਨ। ਡਾ. ਕੱਕੜ ਨੇ ਦੱਸਿਆ ਕਿ ਉਨ੍ਹਾਂ ਨਾਲ ਇੱਕ ਸੜਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਡਾ. ਕੱਕੜ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਹਾਲ ਕਿਸੇ ਵੀ ਰਿਸ਼ਤੇਦਾਰ ਜਾਂ ਸਕੇ ਸਬੰਧੀਆਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਉਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਪੂਰਾ ਜੀਵਨ ਬਦਲ ਗਿਆ ਅਤੇ ਹੁਣ ਉਹ ਲਗਾਤਾਰ ਮਨੁੱਖ਼ਤਾ ਦੀ ਸੇਵਾ 'ਚ ਆਪਣਾ ਯੋਗਦਾਨ ਪਾ ਰਹੇ ਹਨ। ਡਾ. ਕੱਕੜ ਨੇ ਕਿਹਾ ਕਿ ਪਿਛਲੇ 6 ਮਹੀਨੇ ਤੋਂ ਉਹ ਇਹ ਸੇਵਾ ਕਰ ਰਹੇ ਹਨ।
ਉਧਰ, ਡਾ. ਕੱਕੜ ਕੋਲ ਦਵਾਈ ਲੈਣ ਪਹੁੰਚੇ ਮਰੀਜ਼ਾਂ ਨੇ ਕਿਹਾ ਕਿ ਉਹ ਆਰਥਿਕ ਤੌਰ 'ਤੇ ਕਮਜ਼ੋਰ ਹਨ ਅਤੇ ਡਾਕਟਰ ਵੱਲੋਂ ਉਨ੍ਹਾਂ ਦਾ ਇਲਾਜ਼ ਕਰਨ ਦਾ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ। ਜ਼ਿਕਰਯੋਗ ਹੈ ਕਿ ਡਾਕਟਰ ਕੱਕੜ ਲੇਬਰ ਚੌਂਕ ਜਾਂ ਉਨ੍ਹਾਂ ਥਾਵਾਂ 'ਤੇ ਦਵਾਈਆਂ ਦਾ ਲੰਗਰ ਲਗਾਉਂਦੇ ਹਨ ਜਿੱਥੇ ਜ਼ਿਆਦਾਤਰ ਜ਼ਰੁਰਤਮੰਦ ਲੋਕ ਮੌਜੂਦ ਹੁੰਦੇ ਹਨ।