ਪਟਿਆਲਾ: ਤੇਲੰਗਾਨਾ ਪੁਲਿਸ ਨੇ ਸ਼ਾਦਨਗਰ ਕਸਬੇ ਨੇੜੇ ਅਸਲ ਕ੍ਰਾਈਮ ਵਾਲੀ ਥਾਂ 'ਤੇ ਵੈਟਨਰੀ ਡਾਕਟਰ ਦੇ ਸਮੂਹਿਕ ਜਬਰ ਜਨਾਹ ਅਤੇ ਕਤਲ ਦੇ ਚਾਰੋਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਗੋਲੀ ਮਾਰ ਦਿੱਤੀ। ਜਬਰ ਜਨਾਹ ਦੇ ਦੋਸ਼ੀਆਂ ਨੂੰ ਗੋਲੀ ਮਾਰਨ 'ਤੇ ਪਟਿਆਲਾ ਕਾਲਜ ਦੀਆਂ ਕੁਝ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਹੀ ਸਜ਼ਾ ਮਿਲੀ ਹੈ ਤੇ ਕੁਝ ਵਿਦਿਆਰਥਣਾਂ ਨੇ ਇਸ ਐਨਕਾਊਂਟਰ ਨਾਲ ਨਾ ਸਹਿਮਤ ਹੁੰਦਿਆ ਕਿਹਾ ਕਿ ਦੋਸ਼ੀਆਂ ਨੂੰ ਹੋਰ ਸਖ਼ਤ ਭਿਆਨਕ ਸਜ਼ਾ ਦਿੱਤੀ ਜਾ ਸਕਦੀ ਸੀ।
ਦੱਸ ਦੇਈਏ ਕਿ ਮੁਲਜ਼ਮ ਸ਼ੁੱਕਰਵਾਰ ਸਵੇਰੇ ਉਸ ਵੇਲੇ ਮਾਰੇ ਗਏ ਜਦੋਂ ਉਹ ਹੈਦਰਾਬਾਦ ਤੋਂ 50 ਕਿਲੋਮੀਟਰ ਦੂਰ ਸ਼ਾਦਨਗਰ ਨੇੜੇ ਚਟਨਪੱਲੀ ਤੋਂ ਕਥਿਤ ਤੌਰ 'ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਦੋਸ਼ੀਆਂ ਨੂੰ ਹੈਦਰਾਬਾਦ ਦੇ ਬਾਹਰੀ ਇਲਾਕੇ ਸ਼ਮਸ਼ਾਬਾਦ ਨੇੜੇ ਉਸੇ ਥਾਂ 'ਤੇ ਗੋਲੀ ਮਾਰੀ ਗਈ, ਜਿੱਥੇ 27 ਨਵੰਬਰ ਦੀ ਰਾਤ ਨੂੰ ਮੁਲਜ਼ਮਾਂ ਨੇ ਪੀੜ੍ਹਤ ਨੂੰ ਅੱਗ ਲਗਾ ਕੇ ਮ੍ਰਿਤਕ ਦੇਹ ਸੁੱਟ ਦਿੱਤੀ ਸੀ।
ਜਾਂਚ ਦੌਰਾਨ ਕ੍ਰਾਈਮ ਸੀਨ ਦੀ ਮੁੜ ਉਸਾਰੀ ਲਈ ਮੁਲਜ਼ਮਾਂ ਨੂੰ ਮੌਕੇ ਉੱਤੇ ਲੈ ਜਾਇਆ ਗਿਆ ਸੀ। ਸਾਇਬਰਾਬਾਦ ਪੁਲਿਸ ਕਮਿਸ਼ਨਰ ਡਾ. ਸੱਜਨਾਰ ਨੇ ਪੁਸ਼ਟੀ ਕੀਤੀ ਕਿ ਸਾਰੇ 4 ਦੋਸ਼ੀ ਮੁੰਹਮਦ ਆਰਿਫ, ਨਵੀਨ, ਸ਼ਿਵਾ ਅਤੇ ਚੇੱਨਾਕੇਸ਼ਵੁਲੁ' ਅੱਜ ਤੜਕੇ 3 ਤੋਂ 6 ਵਜੇ ਦੇ ਵਿਚਕਾਰ ਚਟਨਨਪੱਲੀ, ਸ਼ਾਦਨਗਰ ਵਿਖੇ ਮੁਠਭੇੜ ਦੌਰਾਨ ਮਾਰੇ ਗਏ।
ਇਹ ਵੀ ਪੜੋ: ਹੈਦਰਾਬਾਦ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਦੇ ਸਾਰੇ 4 ਮੁਲਜ਼ਮਾਂ ਦਾ ਐਨਕਾਉਂਟਰ
ਪੁਲਿਸ ਦੀ ਕਾਰਵਾਈ ਉੱਤੇ ਪੀੜ੍ਹਤਾ ਦੇ ਪਿਤਾ ਨੇ ਕਿਹਾ, "ਉਸਦੀ ਬੇਟੀ ਦੀ ਮੌਤ ਨੂੰ 10 ਦਿਨ ਹੋ ਗਏ ਹਨ। ਉਹ ਇਸ ਲਈ ਪੁਲਿਸ ਤੇ ਸਰਕਾਰ ਦਾ ਧੰਨਵਾਦ ਕਰਦਾ ਹੈ। ਉਸਦੀ ਬੇਟੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ।" ਦੱਸਣਯੋਗ ਹੈ ਕਿ ਮੁਲਜ਼ਮਾਂ ਨੂੰ 29 ਨਵੰਬਰ ਨੂੰ ਮਹਿਲਾ ਡਾਕਟਰ ਦਾ ਬਲਾਤਕਾਰ ਅਤੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਬਲਾਤਕਾਰ ਅਤੇ ਕਤਲ ਦੀ ਇਸ ਘਟਨਾ ਤੋਂ ਬਾਅਦ ਮੁਲਜ਼ਮਾਂ ਨੂੰ ਤੁਰੰਤ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਦੇਸ਼-ਵਿਆਪੀ ਗੁੱਸਾ ਭੜਕਾਇਆ ਸੀ।