ਪਟਿਆਲਾ : ਸ਼ਹਿਰ ਦੇ ਬੱਸ ਸਟੈਂਡ ਉੱਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਕ ਬੱਸ ਕੰਡਕਟਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਬੱਸ ਸਟੈਂਡ ਉੱਤੇ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜ਼ਖਮੀ ਕੰਡਕਟਰ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪੀੜਤ ਬੱਸ ਕੰਡਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਕੰਡਕਟਰ ਵਜੋਂ ਕੰਮ ਕਰਦਾ ਹੈ। ਉਸ ਦੀ ਪਹਿਲਾਂ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਸ ਨੇ ਦੱਸਿਆ ਕਿ ਦੁਪਹਿਰ ਦੇ ਤਕਰੀਬਨ 1 ਵਜੇ ਕੁਝ ਅਣਪਛਾਤੇ ਲੋਕ ਆਏ ਅਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਕਈ ਵਾਰ ਕੀਤੇ। ਇਹ ਘਟਨਾ ਬੱਸ ਸਟੈਂਡ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਉਸ ਨੇ ਕਿਹਾ ਕਿ ਉਹ ਹਮਲਾਵਰਾਂ ਨੂੰ ਨਹੀਂ ਜਾਣਦਾ।
ਇਸ ਮਾਮਲੇ ਵਿੱਚ ਜਦੋਂ ਪੱਤਰਕਾਰਾਂ ਨੇ ਬੱਸ ਸਟੈਂਡ ਨੇੜੇ ਲੱਗਦੇ ਥਾਣਾ ਡਿਵੀਜ਼ਨ 4 ਦੇ ਐਸਐਚਓ ਕੋਲੋਂ ਦਿਨ ਦਿਹਾੜੇ ਸਰੇਆਮ ਤੇਜ਼ਧਾਰ ਹਥਿਆਰ ਚੱਲਣ ਦੀ ਘਟਨਾ ਬਾਰੇ ਪੁੱਛਿਆ ਤਾਂ ਐਸਐਚਓ ਨੇ ਜਵਾਬ ਦਿੰਦਿਆਂ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਦੇ ਚਲਦੇ ਝਗੜਾ ਹੋਇਆ। ਜਦਕਿ ਪੀੜਤ ਗੁਰਵਿੰਦਰ ਕਿਸੇ ਨਾਲ ਕੋਈ ਰੰਜਿਸ਼ ਤੋਂ ਇਨਕਾਰ ਕਰ ਰਿਹਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।