ਪਠਾਨਕੋਟ: ਸ਼ਾਹਪੁਰ ਕੰਢੀ ਥਾਣੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਇੱਕ ਵਿਅਕਤੀ ਨੇ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਤੇ ਧਮਕੀ ਦਿੱਤੀ ਕਿ ਜੇਕਰ ਫਿਰੌਤੀ ਨਾ ਦੇਣ ਉੱਤੇ ਨਤੀਜੇ ਮਾੜੇ ਹੋਣਗੇ। ਇਸ ਤੋਂ ਬਾਅਦ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਮਾਮਲਾ ਸੁਲਝਾ ਲਿਆ।
ਫਿਰੌਤੀ ਮੰਗਣ ਵਾਲਾ ਪੀੜਤ ਦਾ ਪੋਤਾ ਨਿਕਲਿਆ: ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਇਸ ਨੂੰ ਸੁਲਝਾ ਲਿਆ ਗਿਆ ਹੈ। ਜਿਸ ਨੰਬਰ ਤੋਂ ਪੀੜਤ ਨੂੰ ਕਾਲ ਆਈ ਸੀ, ਉਸ ਨੰਬਰ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਾਣ ਕੇ ਹੈਰਾਨੀ ਹੋਵੇਗੀ ਕਿ ਧਮਕੀ ਦੇਣ ਵਾਲਾ ਮੁਲਜ਼ਮ ਕੋਈ ਹੋਰ ਨਹੀਂ, ਸਗੋਂ ਪੀੜਤ ਦਾ ਹੀ ਪੋਤਾ ਨਿਕਲਿਆ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਦੋਂ ਪੀੜਤ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਇੱਕ ਨੰਬਰ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫਿਰੌਤੀ ਮੰਗਣ ਵਾਲਾ ਇਕ ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ। ਨਹੀਂ ਤਾਂ, ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਪੋਤੇ ਉੱਤੇ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ: ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜੋ ਕਿ ਰਿਸ਼ਤੇਦਾਰੀ 'ਚ ਪੀੜਤ ਦਾ ਪੋਤਾ ਹੀ ਨਿਕਲਿਆ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਉਸਦੇ ਖਿਲਾਫ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੈ। ਫਿਲਹਾਲ ਸ਼ਾਹਪੁਰ ਕੰਢੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪੁਲਿਸ ਦੀ ਲਾਪਰਵਾਹੀ ਕਾਰਣ ਫਰਾਰ ਹੋਇਆ ਲਾਰੈਂਸ ਗੈਂਗ ਦਾ ਗੁਰਗਾ,ਜੇਲ੍ਹ ਤੋਂ ਪੇਸ਼ੀ ਲਈ ਕੋਰਟ ਲੈਕੇ ਆਈ ਸੀ ਪੁਲਿਸ