ਪਠਾਨਕੋਟ: ਸੂਬੇ 'ਚ ਪਠਾਨਕੋਟ ਨੂੰ ਸਰਕਾਰ ਵੱਲੋਂ ਲੀਚੀ ਜ਼ੋਨ ਐਲਾਨੀਆ ਜਾ ਚੁੱਕਾ ਹੈ। ਪਠਾਨਕੋਟ 'ਚ ਲੀਚੀ ਦਾ ਹਰ ਸਾਲ ਕਰੋੜਾਂ ਦਾ ਕਾਰੋਬਾਰ ਹੁੰਦਾ ਹੈ। ਪੰਜਾਬ ਹੀ ਨਹੀਂ ਦਿੱਲੀ, ਮੁੰਬਈ, ਕੋਲਕਤਾ, ਯੂਪੀ, ਬਿਹਾਰ ਸਮੇਤ ਹੋਰ ਵੀ ਕਈ ਸੂਬਿਆਂ ਵਿੱਚ ਲੀਚੀ ਪਠਾਨਕੋਟ ਤੋਂ ਹੀ ਸਪਲਾਈ ਹੁੰਦੀ ਹੈ।
ਲੀਚੀ ਦਾ ਸੀਜ਼ਨ ਚੱਲ ਰਿਹਾ ਹੈ ਅਜਿਹੇ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੇ ਹਨ, ਵਾਇਰਲ ਹੋ ਰਹੇ ਵੀਡੀਓ 'ਚ ਲੀਚੀ ਤੋਂ ਚਮਕੀ ਬੁਖ਼ਾਰ ਹੋਣ ਦੀ ਗੱਲ ਕਹੀ ਜਾ ਰਹੀ ਅਤੇ ਲੋਕ ਲੀਚੀ ਖਾਣਾ ਪਸੰਦ ਨਹੀਂ ਕਰ ਰਹੇ ਹਨ ਜਿਸ ਨਾਲ ਹਰ ਸਾਲ ਕਰੋੜਾਂ ਦਾ ਵਪਾਰ ਕਰਨ ਵਾਲੇ ਲੀਚੀ ਵਪਾਰੀਆਂ ਦੇ ਚਿਹਰੇ 'ਤੇ ਨਿਰਾਸ਼ਾ ਨਜ਼ਰ ਆ ਰਹੀ ਹੈ।
ਵਪਾਰੀਆਂ ਦਾ ਕਹਿਣਾਂ ਕਿ ਪਠਾਨਕੋਟ ਤੋਂ ਹਰ ਸਾਲ ਉਹ ਕਰੋੜਾਂ ਦੀ ਲੀਚੀ ਦਾ ਕਾਰੋਬਾਰ ਕਰਦੇ ਹਨ। ਪਰ ਇਸ ਵਾਰ ਲੀਚੀ ਦੀ ਇੱਕ ਗ਼ਲਤ ਵੀਡੀਓ ਵਾਇਰਲ ਹੋਣ ਨਾਲ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੀਚੀਆਂ ਨਾਲ ਭਰੀਆਂ ਗੱਡੀਆਂ ਮੰਡੀਆਂ ਵਿੱਚ ਖੜ੍ਹੀਆਂ ਹਨ, ਪਰ ਕੋਈ ਵੀ ਖ਼ਰੀਦ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਮੁੰਬਈ ਵਿੱਚ ਵੀ ਲੀਚੀ ਦੀ ਮੰਗ ਘੱਟ ਗਈ ਹੈ। ਦਿੱਲੀ ਦੇ ਆਜ਼ਾਦਪੁਰ ਮੰਡੀ ਦੇ ਵਿੱਚ ਵੀ ਲੀਚੀ ਬਿਨਾਂ ਵਿਕੇ ਪਈ ਹੋਈ ਹੈ।
ਯੂ.ਪੀ. ਤੋਂ ਪਠਾਨਕੋਟ ਲੀਚੀ ਦਾ ਵਪਾਰ ਕਰਨ ਆਏ ਵਪਾਰੀ ਸਲੀਮ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਕੋਲ 200 ਤੋਂ ਜ਼ਿਆਦਾ ਮਜ਼ਦੂਰ ਲੀਚੀ ਤੋੜਨ ਦਾ ਕੰਮ ਕਰਦੇ ਹਨ, ਜਿਨ੍ਹਾਂ ਦਾ ਇੱਕ ਦਿਨ ਦਾ ਖ਼ਰਚ 40 ਹਜ਼ਾਰ ਤੋਂ ਵੱਧ ਹੈ ਅਤੇ ਉਨ੍ਹਾਂ ਵੱਲੋਂ ਪਠਾਨਕੋਟ ਦੇ ਵਿੱਚ 52 ਲੱਖ ਦੇ ਬਾਗ ਲਏ ਗਏ ਹਨ, ਜਿਸ ਵਿੱਚ ਲੀਚੀ ਤੋੜਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ਦੇ ਚਲਦਿਆਂ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੀਚੀ ਅੱਵਲ ਦਰਜੇ ਦੀ ਹੈ ਅਤੇ ਹਰ ਸਾਲ ਪਠਾਨਕੋਟ ਤੋਂ ਬਾਕੀ ਸੂਬਿਆਂ ਵਿੱਚ ਭੇਜੀ ਜਾਂਦੀ ਹੈ। ਸਰਕਾਰ ਵੱਲੋਂ ਪਠਾਨਕੋਟ ਨੂੰ ਲੀਚੀ ਜ਼ੋਨ ਵੀ ਬਣਾਇਆ ਗਿਆ ਹੈ। ਪਰ ਇਸ ਵਾਰ ਇੱਕ ਗ਼ਲਤ ਵੀਡੀਓ ਵਾਇਰਲ ਹੋਣ ਕਾਰਨ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ।
ਉੱਥੇ ਖੇਤੀਬਾੜੀ ਅਫ਼ਸਰ ਨਾਲ ਜਦ ਇਸ ਬਾਰੇ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਲੀਚੀ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਨਹੀਂ ਹੁੰਦੀ ਅਤੇ ਨਾ ਹੀ ਹੁਣ ਤੱਕ ਪਠਾਨਕੋਟ ਵਿਚੋਂ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਇਨ੍ਹਾਂ ਅਫਵਾਹਾਂ ਦੇ ਵਿੱਚ ਨਾ ਪੈਣ ਅਤੇ ਲੀਚੀ ਦੇ ਸੀਜ਼ਨ ਦੀ ਸੌਗਾਤ ਦਾ ਅਨੰਦ ਮਾਨਣ।