ਪਠਾਨਕੋਟ: ਕੋਰੋਨਾ ਮਹਾਂਮਾਰੀ ਜਿਸ ਦਾ ਆਂਕੜਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਅਤੇ ਪੂਰੇ ਦੇਸ਼ ਦੇ ਵਿਚ ਹੀ ਨਹੀਂ ਪੂਰਾ ਵਿਸ਼ਵ ਇਸ ਮਹਾਂਮਾਰੀ ਤੋਂ ਜੂਝ ਰਿਹਾ ਹੈ, ਪਰ ਜ਼ਿਲ੍ਹਾ ਪਠਾਨਕੋਟ ਦੇ ਕਈ ਪਿੰਡ ਅਜਿਹੇ ਹਨ ਜਿੱਥੇ ਕਿ ਪਿੰਡ ਦੇ ਨੁਮਾਇੰਦਿਆਂ ਦੀ ਸੂਝ ਬੂਝ ਅਤੇ ਪਿੰਡ ਦੇ ਲੋਕਾਂ ਦੇ ਯਤਨਾ ਸਦਕਾ ਅਜੇ ਤਕ ਇਕ ਵੀ ਮਰੀਜ਼ ਕੋਰੋਨਾ ਦਾ ਨਹੀਂ ਹੈ।
ਇਸ ਦੇ ਪਿੱਛੇ ਕਾਰਨ ਹੈ ਕਿ ਪਿੰਡ ਦੇ ਸਰਪੰਚ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਏਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਪਿੰਡ ਸਿੰਬਲੀ ਵਿਖੇ ਜਿੱਥੇ ਕਿ ਅਜੇ ਤੱਕ ਇਕ ਵੀ ਮਰੀਜ਼ ਕੋਰੋਨਾ ਪੌਜ਼ਿਟੀਵ ਨਹੀਂ ਹੈ। ਜਿਸ ਦਾ ਸਿਹਰਾ ਸਜਦਾ ਹੈ ਪਿੰਡ ਦੀ ਮਹਿਲਾ ਸਰਪੰਚ ’ਤੇ ਜਿਨ੍ਹਾ ਵੱਲੋਂ ਪਿੰਡ ਨੂੰ ਹਰ ਹਫ਼ਤੇ ਸੈਨੀਟਾਈਜ਼ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਨਾਲ ਪਿੰਡ ਵਾਸੀਆਂ ਵੱਲੋਂ ਪੱਕੇ ਤੌਰ ’ਤੇ ਨਾਕਾ ਲਗਾ ਕੇ ਪਿੰਡ ਵਿੱਚ ਆਉਣ ਵਾਲੇ ਅਤੇ ਪਿੰਡੋਂ ਬਾਹਰ ਜਾਣ ਵਾਲੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ।
ਸਭ ਤੋ ਵਧੀਆ ਗੱਲ ਇਹ ਹੈ ਕਿ ਇਕ ਸ਼ਖ਼ਸ ਜੋ ਕਿ ਹਰ ਵੇਲੇ ਸੜਕ ’ਤੇ ਮੌਜੂਦ ਰਹਿੰਦਾ ਹੈ ਜਿਹੜਾ ਵੀ ਕੋਈ ਬਾਹਰੋਂ ਪਿੰਡ ਵਿੱਚ ਦਾਖ਼ਲ ਹੋ ਰਿਹਾ ਹੈ ਉਸ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਂਦਾ ਹੈ ਤਾਂ ਕਿ ਪਿੰਡ ਵਿੱਚ ਮਹਾਂਮਾਰੀ ਨੂੰ ਦਾਖ਼ਲ ਨਾ ਹੋਣ ਦਿੱਤਾ ਜਾ ਸਕੇ ਅਤੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ: ਬੇਅਦਬੀ ਮਾਮਲੇ ’ਚ ਨਵੀਂ ਐੱਸਆਈਟੀ (SIT) ਦੀ ਵੱਡੀ ਕਾਰਵਾਈ, 6 ਆਰੋਪੀ ਗ੍ਰਿਫ਼ਤਾਰ
ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਤੋਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਪਿੰਡ ਵਿੱਚ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਦਾਖ਼ਲ ਹੋਣ ਵਾਲੇ ਅਤੇ ਪਿੰਡ ’ਚੋਂ ਬਾਹਰ ਜਾਣ ਵਾਲੇ ਹਰ ਇਕ ਸ਼ਖਸ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਉਸਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ।
ਗੌਰਤਲੱਬ ਹੈ ਕਿ ਪਿੰਡ ਵਾਸੀ ਵੀ ਦਿਨ ਦਾ ਕੰਮ ਸਵੇਰੇ ਦੱਸ ਗਿਆਰਾਂ ਵਜੇ ਤੱਕ ਖ਼ਤਮ ਕਰਨ ਤੋਂ ਬਾਅਦ ਨਿਗਰਾਨੀ ਰੱਖਦੇ ਹਨ ਕਿ ਕੋਈ ਵੀ ਬਾਹਰੀ ਵਿਅਕਤੀ ਪਿੰਡ ਵਿੱਚ ਦਾਖ਼ਲ ਨਾ ਹੋ ਸਕੇ ।