ਮੋਗਾ: ਪਹਿਲਾਂ ਚੰਡੀਗੜ੍ਹ ਤੋਂ ਇਕ ਟਰੈਫਿਕ ਮੁਲਾਜ਼ਮ ਭੁਪਿੰਦਰ ਸਿੰਘ ਨੇ ਗੀਤ ਗਾਉਂਦੇ ਹੋਏ ਟਰੈਫਿਕ ਨਿਯਮ ਸਮਝਾਉਣ ਦੀ ਪਹਿਲ ਕੀਤੀ ਸੀ, ਜੋ ਗੀਤ ਗਾ ਕੇ ਲੋਕਾਂ ਨੂੰ ਟਰੈਫਿਕ ਨਿਯਮ ਸਮਝਾਉਂਦਾ ਸੀ। ਹੁਣ ਮੋਗਾ ਦਾ ਟਰੈਫਿਕ ਮੁਲਾਜ਼ਮ ਗੁਰਭੇਜ ਸਿੰਘ ਆਪਣੇ ਖਾਸ ਲਹਿਜੇ ਕਰਕੇ ਸੁਰਖੀਆਂ ਵਿੱਚ ਹੈ। ਇਸ ਟਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਇਕ ਨਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਮੋਗਾ ਦੇ ਟਰੈਫਿਕ ਮੁਲਾਜ਼ਮ ਗੁਰਭੇਜ ਸਿੰਘ ਨੇ ਗੀਤ ਰਾਹੀਂ ਲੋਕਾਂ ਨੂੰ ਟਰੈਫਿਕ ਨਿਯਮ ਸਮਝਾਏ।
ਟਰੈਫਿਕ ਨਿਯਮਾਂ ਬਾਰੇ ਗੀਤਾਂ ਗਾ ਕੇ ਜਾਗਰੂਕਤਾ: ਇਸ ਸਬੰਧੀ ਜਦੋਂ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਆ ਰਹੀ ਟਰੈਫਿਕ ਸਮੱਸਿਆ ਨੂੰ ਲੈ ਕੇ ਜਿੱਥੇ ਟਰੈਫਿਕ ਪੁਲਿਸ ਵੱਲੋਂ ਸਮੇਂ ਸਮੇਂ ਉੱਤੇ ਸੈਮੀਨਾਰ ਵੀ ਲਗਵਾਏ ਜਾਂਦੇ ਹਨ, ਉੱਥੇ ਹੀ, ਟ੍ਰੈਫਿਕ ਮੁਲਾਜ਼ਮ ਗੁਰਭੇਜ ਸਿੰਘ ਲੋਕਾਂ ਨੂੰ ਟਰੈਫਿਕ ਬਾਰੇ ਗੀਤ ਗਾ ਕੇ ਜਾਗਰੂਕ ਕਰ ਰਹੇ ਹਨ।
ਮੁਲਾਜ਼ਮ ਨੂੰ ਗੀਤ ਗਾਉਣ ਦਾ ਵੀ ਸ਼ੌਂਕ: ਇਸ ਮੌਕੇ ਮੁਲਾਜ਼ਮ ਗੁਰਭੇਜ ਸਿੰਘ ਨੇ ਗੀਤ ਵੀ ਸੁਣਾਇਆ ਜੋ ਕਿ ਕਾਫ਼ੀ ਸ਼ਲਾਘਾ ਯੋਗ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਪ੍ਰਸ਼ਾਸਨ ਦਾ ਸਾਥ ਦੇਣ, ਤਾਂ ਜੋ ਸ਼ਹਿਰ ਵਿੱਚ ਵਧ ਰਹੀ ਟਰੈਫਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ। ਗੀਤ ਗਾਉਣ ਵਾਲੇ ਗੁਰਭੇਜ ਸਿੰਘ ਨੇ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ ਅਤੇ ਮੈਂ ਕਾਫੀ ਦਿਨਾਂ ਤੋਂ ਰਿਆਜ ਕਰ ਰਿਹਾ ਸੀ ਕਿ ਕਿਉਂ ਨਾ ਟਰੈਫਿਕ ਉਪਰ ਵੀ ਇੱਕ ਗੀਤ ਬਣਾਇਆ ਜਾਵੇ ਅਤੇ ਲੋਕਾਂ ਨੂੰ ਗਾ ਕੇ ਸੁਣਾਇਆ ਜਾਵੇ, ਤਾਂ ਜੋ ਲੋਕ ਟ੍ਰੈਫਿਕ ਬਾਰੇ ਵੀ ਜਾਗਰੂਕ ਹੋਣ। ਉਸ ਨੇ ਕਿਹਾ ਕਿ ਐਂਬੂਲੈਂਸ ਨੂੰ ਜ਼ਰੂਰ ਰਾਹ ਦਿੱਤਾ ਜਾਵੇ, ਕਿਉਂਕਿ ਉਸ ਵਿੱਚ ਜ਼ਿੰਦਗੀ ਤੇ ਮੌਤ ਲੜਾਈ ਲੜ ਰਹੇ ਮਰੀਜ਼ ਹੁੰਦੇ ਹਨ।
ਟਰੈਫਿਕ ਪੁਲਿਸ ਦੀ ਆਮ ਜਨਤਾ ਨੂੰ ਅਪੀਲ: ਗੁਰਭੇਜ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਸਿਗਰਟ ਦੀ ਵਰਤੋਂ ਨਾ ਕਰੋ ਅਤੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਾ ਕਰੋ, ਕਿਉਂਕਿ ਘਰ ਦੇ ਵਿੱਚ ਤੁਹਾਡਾ ਵੀ ਕੋਈ ਇੰਤਜ਼ਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ: ਛਪੇ-ਛਪਾਏ ਰਹਿ ਗਏ ਵਿਆਹ ਦੇ ਕਾਰਡ, ਵਿਦੇਸ਼ ਜਾ ਮੁੱਕਰੀ ਕੁੜੀ !