ਮੋਗਾ: ਕਈ ਵਾਰ ਚੋਰੀ ਦੀਆਂ ਘਟਨਾਵਾਂ ਗਰੀਬ ਲੋਕਾਂ ਨਾਲ ਵੱਡਾ ਧੱਕਾ ਕਰ ਦਿੰਦੀਆਂ ਹਨ। ਕੁੱਝ ਇਹੋ ਜਿਹਾ ਹਾਦਸਾ ਕਸ਼ਮੀਰੀ ਮੂਲ ਦੇ ਇਕ ਸਮਾਨ ਵੇਚਣ ਵਾਲੇ ਵਿਅਕਤੀ ਨਾਲ ਮੋਗਾ ਵਿੱਚ ਵਾਪਰਿਆ ਹੈ। ਇਸ ਵਿਅਕਤੀ ਦਾ ਸਮਾਨ ਸਣੇ ਸਾਈਕਲ ਚੋਰੀ ਹੋ ਗਿਆ ਹੈ। ਇਹ ਵਿਅਕਤੀ ਇਕ ਮੈਡੀਕਲ ਸਟੋਰ ਵਿੱਚੋਂ ਦਵਾਈ ਲੈਣ ਗਿਆ ਸੀ ਅਤੇ ਇਸਦੇ ਮਗਰੋਂ ਇਹ ਵਾਰਦਾਤ ਹੋ ਗਈ ਹੈ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਦਰਜ ਹੋ ਗਈ ਹੈ।
ਸੀਸੀਟੀਵੀ ਕੈਮਰੇ ਵਿੱਚ ਦਰਜ ਹੋਈ ਚੋਰੀ ਦੀ ਵਾਰਦਾਤ: ਦਰਅਸਲ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਰੋਜਾਨਾਂ ਕਿਤੇ ਨਾ ਕਿਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਤਾਜਾ ਘਟਨਾ ਸਾਈਕਲ ਉੱਤੇ ਕੰਬਲ ਅਤੇ ਸ਼ਾਲ ਵੇਚਣ ਵਾਲੇ ਇਕ ਕਸ਼ਮੀਰੀ ਮੂਲ ਦੇ ਵਿਅਕਤੀ ਨਾਲ ਵਾਪਰੀ ਹੈ। ਜਾਣਕਾਰੀ ਮੁਤਾਬਿਕ ਮਾਮਲਾ ਮੋਗਾ ਦੇ ਬੰਦ ਫਾਟਕ ਦੇ ਲਾਗੇ ਕਲੀਨਿਕ ਦਾ ਹੈ, ਜਿਥੇ ਇਕ ਕਸ਼ਮੀਰੀ ਪਿਛਲੇ ਲੰਬੇ ਸਮੇਂ ਤੋਂ ਸ਼ਾਲ ਅਤੇ ਕੰਬਲ ਲੋਈਆਂ ਵੇਚਣ ਦਾ ਕੰਮ ਕਰ ਰਿਹਾ ਹੈ। ਬੀਤੇ ਦਿਨੀ ਬੰਦ ਫਾਟਕ ਦੇ ਨਜ਼ਦੀਕ ਇੱਕ ਕਲੀਨਿਕ ਵਿੱਚ ਉਹ ਆਪਣਾ ਸਾਈਕਲ ਦੁਕਾਨ ਦੇ ਬਾਹਰ ਖੜ੍ਹਾ ਕਰਕੇ ਅੰਦਰ ਦਵਾਈ ਲੈਣ ਗਿਆ ਸੀ।
50 ਹਜ਼ਾਰ ਦਾ ਨੁਕਸਾਨ: ਜਾਣਕਾਰੀ ਮੁਤਾਬਿਕ ਉਹ ਡਾਕਟਰ ਤੋਂ ਆਪਣੀ ਦਵਾਈ ਲੈ ਕੇ ਬਾਹਰ ਨਿਕਲਿਆ ਤਾਂ ਉਸਦਾ ਸਮਾਨ ਅਤੇ ਸਾਈਕਲ ਦੋਵੇਂ ਹੀ ਗਾਇਬ ਸਨ। ਕਸ਼ਮੀਰੀ ਵਿਅਕਤੀ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਗੱਲਬਾਤ ਕਰਦਿਆਂ ਹੋਇਆਂ ਫੇਰੀ ਲਗਾਉਣ ਵਾਲੇ ਕਸ਼ਮੀਰੀ ਨੇ ਕਿਹਾ ਕਿ ਉਹ ਆਪਣੀ ਦਵਾਈ ਲੈਣ ਡਾਕਟਰ ਦੇ ਕੋਲ ਗਿਆ ਸੀ ਪਰ ਜਦ ਉਸਨੇ ਬਾਹਰ ਆਕੇ ਦੇਖਿਆ ਤਾਂ ਉਸਦਾ ਸਾਈਕਲ ਤੇ ਸਮਾਨ ਗਾਇਬ ਸੀ। ਕਸ਼ਮੀਰੀ ਨੇ ਸਮਾਨ ਦੀ ਕੀਮਤ 50,000 ਰੁਪਏ ਦੱਸੀ ਹੈ। ਪੀੜਤ ਨੇ ਕਿਹਾ ਹੈ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਅਤੇ ਮੇਰੇ ਕੋਲ ਇੰਨੀ ਹਿੰਮਤ ਨਹੀਂ ਹੈ ਕਿ ਮੈਂ ਹੋਰ ਸਾਮਾਨ ਖਰੀਦ ਸਕਾਂਗਾ। ਕਸ਼ਮੀਰੀ ਨੇ ਕਿਹਾ ਕਿ ਇਹ ਸਮਾਨ ਉਸਨੇ ਲੋਨ ਦੇ ਪੈਸਿਆਂ ਤੋਂ ਖਰੀਦਿਆ ਸੀ। ਇਸ ਚੋਰੀ ਦੀ ਵਾਰਦਾਤ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ।