ਮੋਗਾ: ਪੰਜਾਬ ਸਰਕਾਰ ਵੱਲੋਂ ਪਾਣੀ ਨੂੰ ਬਚਾਉਣ ਲਈ ਲਗਾਤਾਰ ਨੇਕ ਉਪਰਾਲੇ ਕੀਤੇ ਜਾ ਰਹੇ ਹਨ। ਮੋਗਾ ਜ਼ਿਲ੍ਹਾ ਦੇ ਕਸਬਾ ਧਰਮਕੋਟ ਵਿੱਚ ਸਤਲੁਜ ਦਰਿਆ ਦਾ ਪਾਣੀ ਦੂਸ਼ਿਤ ਹੋ ਗਿਆ ਹੈ, ਜਿਸ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੱਸ ਦਈਏ ਕਿ ਸਰਕਾਰਾਂ ਸਮੇਂ-ਸਮੇਂ 'ਤੇ ਕੁਦਰਤੀ ਸੋਮਿਆਂ ਵਿੱਚ ਪੈ ਰਹੇ ਦੂਸ਼ਿਤ ਪਾਣੀ ਨੂੰ ਰੋਕਣ ਦੇ ਦਾਅਵੇ ਕਰਦੀਆਂ ਰਹੀਆਂ ਹਨ, ਪਰ ਦਰਿਆਵਾਂ ਵਿੱਚ ਲਗਾਤਾਰ ਦੂਸ਼ਿਤ ਪਾਣੀ ਆ ਰਿਹਾ ਹੈ।
'ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ': ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਿਰੰਤਰ ਜਾਰੀ ਹੈ। ਸਰਕਾਰਾਂ ਜ਼ਹਿਰੀਲੇ ਪਾਣੀ ਸਬੰਧੀ ਗੰਭੀਰ ਨਹੀਂ ਹਨ ਤੇ ਆਉਣ ਵਾਲੀ ਪੀੜ੍ਹੀ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਫੈਕਟਰੀਆਂ ਦਾ ਗੰਦਾ ਪਾਣੀ ਛੱਡਣ ਕਾਰਨ ਦਰਿਆ ਦਾ ਪਾਣੀ ਕਾਲਾ ਸ਼ਾਹ ਹੋ ਗਿਆ ਹੈ। ਇਸ ਮੌਕੇ ਦਰਿਆ ਦੇ ਆਸ-ਪਾਸ ਪੈਂਦੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਪਾਣੀ ਪ੍ਰਦੂਸ਼ਿਤ ਤੇ ਜ਼ਹਿਰੀਲਾ ਹੋ ਗਿਆ ਹੈ।
ਫ਼ਸਲਾਂ ਤੇ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ: ਕੁੱਝ ਲੋਕਾਂ ਨੇ ਦੱਸਿਆ ਕਿ ਇਸ ਪਾਣੀ ਦੀ ਵਰਤੋਂ ਖੇਤਾਂ 'ਚ ਹੋਣ ਕਾਰਨ ਫਸਲ ’ਤੇ ਵੀ ਬੁਰਾ ਅਸਰ ਪੈਣ ਲੱਗਾ ਹੈ। ਅਜਿਹੇ ਗੰਦੇ ਪਾਣੀ ਨਾਲ ਖੇਤਾਂ 'ਚ ਉਗਾਈਆਂ ਫ਼ਸਲਾਂ ਆਮ ਲੋਕਾਂ ਦੀ ਸਿਹਤ 'ਤੇ ਵੀ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਸੀਵਰ ਅਤੇ ਸਨਅਤੀ ਰਸਾਇਣਾਂ ਵਾਲਾ ਅਣਸੋਧਿਆ ਪਾਣੀ ਦਰਿਆ ਦੀ ਜਲਧਾਰਾ ਨੂੰ ਜ਼ਹਿਰੀਲਾ ਕਰਨ ਦਾ ਵੱਡਾ ਕਾਰਨ ਹੈ। ਢੁੱਕਵੇਂ ਅਤੇ ਬਦਲਵੇਂ ਪ੍ਰਬੰਧ ਦੀ ਅਣਹੋਂਦ ਕਾਰਨ ਕੂੜਾ ਕਚਰਾ ਵੀ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ।
ਗੰਦੇ ਪਾਣੀ ਕਰਕੇ ਪਿੰਡ ਵਾਸੀ ਬਿਮਾਰੀਆਂ ਦੇ ਸ਼ਿਕਾਰ: ਉੱਥੇ ਹੀ ਸਾਬਕਾ ਸਰਪੰਚ ਸਰੂਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਰਿਆ ਦਾ ਪਾਣੀ ਬਹੁਤ ਦੂਸ਼ਿਤ ਹੋ ਚੁੱਕਾ ਹੈ ਕਿ ਪਿਛਲੇ 10 ਸਾਲ ਤੋਂ ਵੱਧਦਾ-ਵੱਧਦਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ। ਉਹਨਾਂ ਕਿਹਾ ਸਾਡੇ ਪਿੰਡ ਦੇ ਨਲਕਿਆਂ ਵਿੱਚ ਵੀ ਸੇਮ ਜਾ ਰਹੀ ਹੈ ਅਤੇ ਗੰਦਾ ਪਾਣੀ ਸਾਡੇ ਘਰਾਂ ਵਿੱਚ ਆ ਰਿਹਾ ਹੈ।
ਉਹਨਾਂ ਕਿਹਾ ਅਸੀਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਾਂ ਤੇ ਗੰਦੇ ਪਾਣੀ ਕਰਕੇ ਪਿੰਡ ਦੇ ਕਈ ਲੋਕਾਂ ਨੂੰ ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਗਈਆਂ ਹਨ। ਸਾਬਕਾ ਸਰਪੰਚ ਸਰੂਪ ਸਿੰਘ ਨੇ ਕਿਹਾ ਕਿ ਲੁਧਿਆਣਾ ਤੋਂ ਫੈਕਟਰੀਆਂ ਦਾ ਪਾਣੀ ਜੋ ਕਿ ਗੰਦੇ ਨਾਲੇ ਦਾ ਪਾਣੀ ਸਤਲੁਜ ਦੇ ਦਰਿਆ ਵਿੱਚ ਆ ਰਿਹਾ ਹੈ। ਸਾਡੇ ਪਸ਼ੂਆ ਨੂੰ ਵੀ ਅਸੀਂ ਇਹ ਗੰਦਾ ਪਾਣੀ ਪੀਣ ਲਾਈ ਮਜ਼ਬੂਰ ਹਨ, ਸਾਡੇ ਡੰਕਰ ਏਹੀ ਗੰਦਾ ਪਾਣੀ ਪੀਕੇ ਮਾਰ ਗਏ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ: ਸਾਬਕਾ ਸਰਪੰਚ ਸਰੂਪ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਸਾਡੇ ਪਿੰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੇਤੇ ਦੀ ਖੱਡ ਦੀ ਸ਼ੁਰੂਆਤ ਕਰਨ ਆਏ ਸੀ ਅਤੇ ਪਿੰਡ ਵਾਸੀਆਂ ਨੇ ਮੰਗ ਪੱਤਰ ਦੇਣ ਦੀ ਅਪੀਲ ਵੀ ਕੀਤੀ ਸੀ, ਪਰ ਸਾਨੂੰ ਸੀ.ਐਮ ਭਗਵੰਤ ਸਿੰਘ ਮਾਨ ਦੇ ਕੋਲੇ ਹੀ ਨਹੀਂ ਜਾਣ ਦਿੱਤਾ। ਉਹਨਾਂ ਕਿਹਾ ਉਪਰੋਂ ਭਗਵੰਤ ਮਾਨ ਦੀ ਸੁਰੱਖਿਆ ਨੇ ਗੱਲ ਹੀ ਨਹੀਂ ਸੁਣੀ। ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਆ ਕਿ ਸਾਡੇ ਪਿੰਡ ਵਿੱਚ ਗੰਦੇ ਪਾਣੀ ਦਾ ਮਸਲਾ ਹਾਲ ਜਲਦੀ ਤੋਂ ਜਲਦੀ ਕੀਤਾ ਜਾਵੇ, ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹੋਵਾਂਗੇ।