ਮੋਗਾ: ਬੀਤੀ ਰਾਤ ਬਿਲਾਸਪੁਰ ਤੋਂ ਭਾਗੀਕੇ ਨੂੰ ਜਾਂਦੇ ਰੋਡ 'ਤੇ 2 ਮੋਟਾਸਈਕਲਾਂ ਦੀ ਆਪਸ ਵਿੱਚ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਬਿਲਾਸਪੁਰ ਦੇ ਰਹਿਣ ਵਾਲੇ 2 ਨੌਜਵਾਨਾਂ ਦੀ ਮੌਤ ਤੇ 4 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਨਿਹਾਲ ਸਿੰਘ ਵਾਲਾ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ।
ਇਹ ਵੀ ਪੜ੍ਹੋ: ਮੌਜੂਦਾ ਸਥਿਤੀ 'ਚ ਸੋਨੀਆ ਨੂੰ ਪ੍ਰਧਾਨ ਬਣਾਉਣਾ ਸਭ ਤੋਂ ਚੰਗਾ ਫ਼ੈਸਲਾ: ਕੈਪਟਨ
ਜਾਣਕਾਰੀ ਮੁਤਾਬਕ ਹਾਦਸੇ ਵਿੱਚ 14 ਸਾਲਾ ਅਰਸ਼ਦੀਪ ਸਿੰਘ ਤੇ 18 ਸਾਲਾ ਧਰਮਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਇਸ ਸਬੰਧੀ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਨੇ ਕਿਹਾ ਕਿ ਟੁੱਟੀਆਂ ਸੜਕਾਂ ਦੇ ਕਰਕੇ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਦੀ ਜ਼ਿੰਮੇਵਾਰ ਸਰਕਾਰ ਹੈ। ਇਸ ਦੇ ਨਾਲ ਹੀ ਮਾਪਿਆਂ ਦੀ ਵੀ ਗ਼ਲਤੀ ਹੈ ਜੋ ਆਪਣੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਮੋਟਰਸਾਈਕਲ ਦੇ ਦਿੰਦੇ ਹਨ।
ਦੂਜੇ ਪਾਸੇ ਚੌਂਕੀ ਇੰਚਾਰਜ ਬੇਅੰਤ ਸਿੰਘ ਭੱਟੀ ਨੇ ਦੱਸਿਆ ਕਿ ਬੀਤੀ ਰਾਤ 2 ਮੋਟਰਸਾਈਕਲਾਂ ਦੀ ਆਪਸ ਵਿਚ ਟੱਕਰ ਹੋਣ ਕਰਕੇ 2 ਨੌਜਵਾਨਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਵਿੱਚ ਦੋਹਾਂ ਧਿਰਾਂ ਦਾ ਆਪਸ 'ਚ ਰਾਜ਼ੀਨਾਮਾ ਹੋ ਚੁੱਕਿਆ ਹੈ ਤੇ ਉਹ ਇੱਕ ਦੂਜੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਚਾਹੁੰਦੇ। ਇਸ ਦੇ ਚਲਦਿਆਂ ਪੁਲਿਸ ਨੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ।