ਮੋਗਾ: ਦਵਾਈਆਂ ਦੀ ਆੜ ‘ਚ ਨਸ਼ਾ ਤਸਕਰੀ ਕਰਨ ਵਾਲੇ ਰਾਮ ਨਾਥ ਸੇਠੀ ਦੀ ਨਾਰਕੋਟਿਕਸ ਵਿਭਾਗ ਵੱਲੋਂ ਕਰੀਬ 23 ਲੱਖ ਦੀ ਪ੍ਰੋਪਰਟੀ ਕੇਸ ‘ਚ ਅਟੈਚ ਕੀਤੀ ਹੈ। ਜਿਸ ‘ਚ ਨਸ਼ਾ ਤਸਕਰ ਰਾਮ ਸੇਠੀ ਦਾ ਘਰ, ਦੁਕਾਨ, ਕਾਰ, ਐਕਟਿਵਾ ਸਕੂਟਰੀ ਅਤੇ ਬੈਂਕ ਖਾਤੇ ਵਿਚੋਂ 1 ਲੱਖ 80 ਹਜ਼ਾਰ ਰੁਪਏ ਫਰੀਜ਼ ਕੀਤੇ ਗਏ ਹਨ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਨਾਰਕੋਟਿਕਸ ਵਿਭਾਗ ਵੱਲੋਂ ਨਸ਼ਾ ਤਸਕਰ ਰਾਮ ਸੇਠੀ ਨੂੰ 60 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਸੀ, ਜਿਸ ‘ਚ ਉਸ ਨੂੰ ਨਾਮਜ਼ਦ ਕਰਕੇ ਫਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ।
70 ਕੇਸਾਂ ‘ਚ 82 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਹੋਵੇਗੀ ਜ਼ਬਤ
ਪੁਲਿਸ ਅਧਿਕਾਰੀਆਂ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ 82 ਨਸ਼ਾ ਤਸਕਰਾਂ ਦੀ ਕਰੀਬ 27 ਕਰੋੜ ਰੁਪਏ ਦੀ ਪ੍ਰਾਪਰਟੀ ਉਕਤ ਕੇਸਾਂ ‘ਚ ਅਟੈਚ ਕੀਤੀ ਜਾਰੀ ਹੈ। ਜਿਸ ਸਬੰਧੀ ਮੋਗਾ ਪੁਲਿਸ ਨੂੰ ਦਿੱਲੀ ਦੀ ਕੰਪੀਟੈਂਟ ਅਥਾਰਟੀ ਵੱਲੋਂ ਲਿਖਤੀ ਆਦੇਸ਼ ਪ੍ਰਾਪਤ ਹੋ ਚੁੱਕੇ ਹਨ। ਇਸੇ ਤਹਿਤ ਮੋਗਾ ਨਾਰਕੋਟਿਕਸ ਵਿਭਾਗ ਵੱਲੋਂ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਫਰੀਜ਼ ਕਰਕੇ ਉਨ੍ਹਾਂ ਦੇ ਵਾਰਸਾਂ ਨੂੰ ਨੋਟਿਸ ਵੰਡੇ ਜਾ ਰਹੇ ਹਨ।
ਦੌਲੇਵਾਲਾ ‘ਚ ਵੀ ਨਸ਼ਾ ਤਸਕਰਾਂ ਨੂੰ ਵੰਡੇ ਜਾ ਰਹੇ ਹਨ ਨੋਟਿਸ : ਡੀਐੱਸਪੀ ਮਨਜੀਤ ਸਿੰਘ
ਨਾਰਕੋਟਿਕਸ ਵਿਭਾਗ ਦੇ ਡੀਐਸਪੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਦੋਲੇਵਾਲਾ ਦੇ ਮਸ਼ਹੂਰ ਨਸ਼ਾ ਤਸਕਰ ਹਰਭਗਵਾਨ ਸਿੰਘ ਦੇ ਖ਼ਿਲਾਫ਼ ਪੁਲਿਸ ਵੱਲੋਂ ਸੱਤ ਕੁਇੰਟਲ ਚੂਰਾ ਪੋਸਤ ਬਰਾਮਦ ਕਰਕੇ ਕੇਸ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ‘ਚ ਉਨ੍ਹਾਂ ਵੱਲੋਂ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਦੋਸ਼ੀ ਹਰਭਗਵਾਨ ਦੀ ਪ੍ਰਾਪਰਟੀ ਫਰੀਜ਼ ਕਰਨ ਲਈ ਰਿਪੋਰਟ ਬਣਾ ਕੇ ਭੇਜੀ ਗਈ ਸੀ। ਜਿਸ ਦੇ ਤਹਿਤ ਹੁਣ ਦਿੱਲੀ ਅਥਾਰਟੀ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਹੁਣ ਉਨ੍ਹਾਂ ਵੱਲੋਂ ਦੋਸ਼ੀ ਹਰਭਗਵਾਨ ਦੀ ਕਰੀਬ 59 ਲੱਖ ਦੀ ਵਾਹੀਯੋਗ ਜ਼ਮੀਨ ਅਤੇ ਆਲੀਸ਼ਾਨ ਕੋਠੀ ਫਰੀਜ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਕਰਕੇ ਬਣਾਈ ਗਈ ਪ੍ਰਾਪਰਟੀ ਹੁਣ ਪੁਲਿਸ ਵੱਲੋਂ ਹਰੇਕ ਕੇਸ ‘ਚ ਅਟੈਚ ਕੀਤੀ ਜਾਰੀ ਹੈ।
ਇਹ ਵੀ ਪੜ੍ਹੋ:ਸਿਹਤ ਮੰਤਰੀ ਨੇ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ