ਮੋਗਾ: ਸ਼ਹਿਰ ਦੇ ਗਾਂਧੀ ਰੋਡ 'ਤੇ ਸਥਿਤ ਦਰਸ਼ਨ ਕੁਮਾਰ ਐਂਡ ਕੰਪਨੀ ਦਾ ਗਣੇਸ਼ ਭੋਜ ਬ੍ਰੈਂਡ ਦਾ ਆਟਾ ਖਾਣ ਨਾਲ ਕਈ ਲੋਕ ਫੂਡ ਪੁਆਇਸਨਿੰਗ ਦਾ ਸ਼ਿਕਾਰ ਹੋਏ ਹਨ। ਗੱਲਬਾਤ ਕਰਦਿਆਂ ਪੀੜਤ ਨਵਦੀਪ ਸਿੰਗਲਾ ਨੇ ਦੱਸਿਆ ਕਿ ਆਖਰੀ ਨਵਰਾਤਰੇ 'ਤੇ ਉਸ ਦੀ ਧੀ ਇਹ ਆਟਾ ਲੈ ਕੇ ਆਈ ਸੀ, ਜਿਸ ਦੀਆਂ ਉਸ ਦੀ ਪਤਨੀ ਨੇ ਰੋਟੀਆਂ ਬਣਾਈਆਂ ਸਨ। ਉਨ੍ਹਾਂ ਖਾਣ ਦੇ ਕੁੱਝ ਸਮੇਂ ਬਾਅਦ ਉਸ ਦੇ ਪਰਿਵਾਰ ਵਾਲੇ ਬਿਮਾਰ ਹੋਏ ਅਤੇ ਕੁੱਝ ਸਮੇਂ ਬਾਅਦ ਉਸ ਨੂੰ ਵੀ ਚੱਕਰ ਅਤੇ ਉਲਟੀਆਂ ਆਉਣ ਲੱਗੀਆਂ।
ਨਵਦੀਪ ਸਿੰਗਲਾ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਜਿਸ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਅੱਜ ਸਵੇਰ ਤਕ ਇਲਾਜ ਚੱਲਿਆ। ਨਵਦੀਪ ਦਾ ਕਹਿਣਾ ਹੈ ਕਿ ਉਕਤ ਫੈਕਟਰੀ ਨੂੰ ਤੁਰੰਤ ਸੀਲ ਕਰ ਦੇਣਾ ਚਾਹੀਦਾ ਹੈ ਅਤੇ ਮਾਰਕੀਟ 'ਚ ਪਏ ਇਸ ਆਟੇ ਦੇ ਸਟਾਕ ਨੂੰ ਜਲਦ ਤੋਂ ਜਲਦ ਜ਼ਬਤ ਕੀਤਾ ਜਾਣਾ ਚਾਹੀਦਾ ਹੈ।
ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਫੂਡ ਇੰਸਪੈਕਟਰ ਜਤਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਅਤੇ ਪੜਤਾਲ ਲਈ ਛੇ ਵਸਤਾਂ ਦੇ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਪਲਾਂ ਦਾ ਲੈਬ 'ਚ ਪਰੀਖਣ ਕੀਤਾ ਜਾਵੇਗਾ ਅਤੇ ਨਤੀਜਿਆਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੰਪਨੀ ਦੀ ਬਜ਼ਾਰ 'ਚ ਉਪਲੱਬਧ ਵਸਤਾਂ ਨੂੰ ਵੀ ਵਾਪਸ ਮੰਗਵਾਉਣ ਦੇ ਹੁਕਮ ਦੇ ਦਿੱਤੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਇਸ ਕੰਪਨੀ ਦਾ ਕਰੀਬ ਚਾਰ ਸੌ ਕੁਇੰਟਲ ਆਟਾ ਮਾਰਕੀਟ 'ਚ ਸਪਲਾਈ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਪ੍ਰੋਡਕਟ ਤਿਆਰ ਕਰਨ ਅਤੇ ਫੈਕਟਰੀ ਮਾਲਕ ਦੇ ਕੋਲ ਮੌਜੂਦ ਲਾਇਸੰਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਦਰਸ਼ਨ ਕੁਮਾਰ ਐਂਡ ਕੰਪਨੀ ਦੀ ਆਟਾ ਫੈਕਟਰੀ 'ਚ ਇੱਕ ਹੀ ਬੈਚ ਨੰਬਰ 'ਤੇ ਛੇ ਤਰ੍ਹਾਂ ਦੇ ਵੱਖ ਵੱਖ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਸਨ। ਜਿਨ੍ਹਾਂ ਵਿੱਚ ਆਟੇ ਸਣੇ ਸੇਵੀਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਸ਼ਾਮਲ ਸਨ। ਇਸੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਕੋਲ ਉਕਤ ਖਾਣ ਪੀਣ ਦੀਆਂ ਵਸਤਾਂ ਬਣਾਉਣ ਲਈ ਸਟੇਟ ਲੈਵਲ ਦਾ ਲਾਇਸੰਸ ਹੈ ਜਦਕਿ ਕੰਪਨੀ ਦੁਆਰਾ ਬਣਾਈਆਂ ਜਾ ਰਹੀਆਂ ਵਸਤਾਂ ਲਈ ਸੈਂਟਰ ਲੈਵਲ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ।