ਮੋਗਾ: ਪੰਜਾਬ ਵਿਚ ਲਗਾਤਾਰ ਸੜਕੀ ਹਾਦਸੇ ਵਧਦੇ ਜਾ ਰਹੇ ਹਨ। ਆਏ ਦਿਨ ਸੜਕ ਹਾਦਸੇ ਨਾਲ ਕੋਈ ਨਾ ਕੋਈ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਮੋਗਾ ਦੇ ਧਰਮਕੋਟ ਦੇ ਪਿੰਡ ਬਾਜੇਕੇ ਤੋਂ ਸਾਹਮਣੇ ਆਇਆ ਹੈ। ਪਿੰਡ ਬਾਜੇਕੇ ਵਿਖੇ ਇਕ ਛੋਟਾ ਹਾਥੀ ਗੱਡੀ ਵਿਚ ਮੋਟਰਸਾਈਕਲ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇਕ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਲੰਧਰ ਦੇ ਰਹਿਣ ਵਾਲੇ ਦੋਵੇਂ ਨੌਜਵਾਨ : ਜਾਣਕਾਰੀ ਅਨੁਸਾਰ ਧਰਮਕੋਟ ਦੇ ਪਿੰਡ ਬਾਜੇਕੇ ਦੇ ਪਟਰੋਲ ਪੰਪ ਨਜ਼ਦੀਕ ਇਕ ਛੋਟਾ ਹਾਥੀ ਲੰਘ ਰਿਹਾ ਸੀ ਕਿ ਇਸ ਦੌਰਾਨ ਬਾਈਕ ਤੇ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਘਟਨਾ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਮੋਗਾ ਦੇ ਸਰਕਾਰ ਹਸਪਤਾਲ ਵਿਖੇ ਪਹੁੰਚਾਇਆ। ਹਸਪਤਾਲ ਪਹੁੰਚਣ ਉਤੇ ਡਾਕਟਰਾਂ ਨੇ ਇਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਇਕ ਦਾ ਇਲਾਜ ਚੱਲ ਰਿਹਾ ਹੈ। ਉਕਤ 2 ਨੌਜਵਾਨ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਇਥੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ। ਉਕਤ ਦੋਵਾਂ ਨੌਜਵਾਨਾਂ ਦੀ ਪਛਾਣ ਹਰਪ੍ਰੀਤ ਸਿੰਘ ਤੇ ਪਰਮਜੀਤ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਮੋਗਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ 108 ਐਂਬੂਲੈਂਸ ਰਾਹੀਂ 2 ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਵਿੱਚ ਇੱਕ ਦੀ ਮੌਤ ਹੋ ਗਈ, ਜਦਕੀ ਦੂਸਰਾ ਇਲਾਜ ਅਧੀਨ ਹੈ। ਹਰਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪਰਮਜੀਤ ਸਿੰਘ ਜ਼ਖਮੀ ਹੋ ਗਿਆ।