ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਸੰਧੂਆਂ ਪੱਤੀ ਵਿੱਚ ਇੱਕ ਕਿਸਾਨ ਵੱਲੋਂ ਅਵਾਰਾ ਪਸ਼ੂਆਂ ਤੋਂ ਫਸਲ ਬਚਾਉਣ ਲਈ ਆਪਣੇ ਖੇਤਾਂ ਵਿੱਚ ਲਾਈ ਲੋਹੇ ਦੀ ਤਾਰ ਨੂੰ ਗੁਆਂਢੀਆਂ ਨੇ ਕੱਟ ਦਿੱਤੀ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਨ੍ਹਾਂ ਸੀਸੀਟੀਵੀ ਤਸਵੀਰਾਂ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਗੁਆਂਢੀਆਂ ਨੇ ਖੇਤ 'ਚ ਤਾਰ ਕੱਟੀ ਅਤੇ ਉਥੋਂ ਫਰਾਰ ਹੋ ਗਏ। ਇਸ ਸਬੰਧੀ ਜਦੋਂ ਉਕਤ ਕਿਸਾਨ ਵੱਲੋਂ ਤਾਰ ਕੱਟਣ ਉਤੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਸੰਧੂਆਂ ਪੱਤੀ ਦੇ ਕਿਸਾਨ ਨੇ ਆਪਣੇ ਖੇਤਾਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਅ ਲਈ ਆਲੇ-ਦੁਆਲੇ ਕੰਡਿਆਲੀ ਤਾਰ ਲਾਈ ਸੀ, ਪਰ ਗੁਰਚਰਨ ਸਿੰਘ ਦੇ ਗੁਆਂਢੀਆਂ ਦਿਲਬਾਰ ਸਿੰਘ ਤੇ ਉਸ ਦੇ ਪੁੱਤਰ ਜਗਦੇਵ ਸਿੰਘ ਨੇ ਆਕ ਕਿ ਉਨ੍ਹਾਂ ਦੀ ਲਾਈ ਕੰਡਿਆਲੀ ਤਾਰ ਕੱਟ ਦਿੱਤੀ। ਇਸ ਉਤੇ ਜਦੋਂ ਗੁਰਚਰਨ ਸਿੰਘ ਨੇ ਇਸ ਸਬੰਧੀ ਸੂਚਨਾ ਸਰਪੰਚ ਨੂੰ ਦੇਣ ਚੱਲਿਆ ਸੀ, ਤਾਂ ਇੰਨੇ ਨੂੰ ਦਿਲਬਾਰ ਸਿੰਘ ਉਸ ਦਾ ਪੁੱਤਰ ਜਗਦੇਵ ਤੇ 3 ਤੋਂ 4 ਹੋਰਨਾਂ ਨੇ ਆਕੇ ਗੁਰਚਰਨ ਉਤੇ ਹਮਲਾ ਕਰ ਦਿੱਤਾ। ਝਗੜਾ ਛੁਡਾਉਣ ਲਈ ਜਦੋਂ ਗੁਰਚਰਨ ਸਿੰਘ ਦਾ ਪੁੱਤਰ ਗੁਰਵਿੰਦਰ ਸਿੰਘ ਆਇਆ ਤਾਂ ਹਮਲਾਵਰਾਂ ਨੇ ਉਸ ਦੇ ਵੀ ਡਾਂਗਾ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ : Former Deputy Speaker : ਸਾਬਕਾ ਡਿਪਟੀ ਸਪੀਕਰ ਦਾ CM ਮਾਨ ਨੂੰ ਸਵਾਲ- ਸੈਸ਼ਨ ਬੁਲਾਉਣ ਲਈ ਕੀ ਪਾਕਿਸਤਾਨ ਦੇ ਰਾਜਪਾਲ ਤੋਂ ਪ੍ਰਵਾਨਗੀ ਲੈਣਗੇ?
ਹਮਲੇ ਉਪਰੰਤ ਦੋਵਾਂ ਜ਼ਖਮੀ ਪਿਓ-ਪੁੱਤ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਗੁਆਂਢੀਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ, ਜਿਸ ਦੀ ਕਿ ਸੀਸੀਟੀਵੀ ਫੁਟੇਜ ਵੀ ਹੈ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।