ਮੋਗਾ: ਜ਼ਿਲ੍ਹਾ ਮੋਗਾ ਵਿੱਚ ਪੰਜਾਬ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਨੂੰ ਲੈ ਕੇ ਮਹਿਲਾਵਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਇਸ ਵਾਅਦੇ ਉੱਤੇ ਹੁਣ ਤੱਕ ਗੌਰ ਨਹੀਂ ਫਰਮਾਇਆ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਸਰਕਾਰ ਨੇ ਹੋਰ ਵਾਅਦੇ ਭਾਵੇਂ ਪੂਰੇ ਕੀਤੇ ਹੋਣ ਪਰ ਮਹਿਲਾਵਾਂ ਨੂੰ ਬਣਦਾ ਹੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਇਸ ਸਾਲ ਦੇ ਬਜਟ ਵਿੱਤ ਵੀ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਨੂੰ ਲੈਕੇ ਕੋਈ ਤਜਵੀਜ਼ ਨਹੀਂ ਰੱਖੀ ਗਈ। ਜਿਸ ਕਾਰਨ ਹੁਣ ਇਹ ਵਾਅਦਾ ਇੱਕ ਸਾਲ ਹੋਰ ਦੂਰ ਹੋ ਗਿਆ ਹੈ। ਇਸ ਤੋਂ ਇਲਾਵਾ ਕੁੱਝ ਲੋਕਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ਼ਤਿਹਾਰਬਾਜ਼ੀ ਵਿੱਚ ਪਿਛਲੀਆਂ ਸਰਕਾਰਾਂ ਨੂੰ ਵੀ ਪਿੱਛੇ ਛੱਡ ਕੇ ਨਵੇਂ ਰਿਡਾਰਡ ਸਿਰਜੇ ਨੇ ਪਰ ਕੰਮ ਕੋਈ ਨਹੀਂ ਕੀਤਾ।
ਕੁੱਝ ਲੋਕਾਂ ਨੇ ਕੀਤੀ ਤਾਰੀਫ਼: ਦੱਸ ਦਈਏ ਆਮ ਆਦਮੀ ਪਾਰਟੀ ਦਾ ਇੱਕ ਸਾਲ ਪੂਰਾ ਹੋਣ ਉੱਤੇ ਕੁੱਝ ਲੋਕਾਂ ਨੇ ਤਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਦੀ 70 ਸਾਲ ਤੋਂ ਲੁੱਟ ਹੋਈ ਹੈ ਅਤੇ ਪਹਿਲੀ ਵਾਰ ਕੋਈ ਸਰਕਾਰ ਆਈ ਹੈ ਜਿਸ ਨੇ ਉਨ੍ਹਾਂ ਦੀ ਬਾਂਹ ਫੜ੍ਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ 70 ਫੀਸਦ ਵਾਅਦੇ ਪਹਿਲੇ ਸਾਲ ਵਿੱਚ ਹੀ ਪੂਰੇ ਕਰ ਦਿੱਤੇ ਨੇ ਅਤੇ ਰਹਿੰਦੇ ਵਾਅਦੇ ਵੀ ਉਹ ਬਹੁਤ ਜਲਦ ਪੂਰੇ ਕਰ ਦੇਣਗੇ। ਉਨ੍ਹਾਂ ਕਿਹਾ ਰਿਵਾਇਤੀ ਪਾਰਟੀਆਂ ਪਹਿਲਾਂ 4 ਸਾਲ ਸੂਬੇ ਨੂੰ ਲੁੱਟਦੀਆਂ ਸਨ ਫਿਰ ਆਖਰੀ ਸਾਲ ਵਿੱਚ ਕੰਮ ਕਰਨ ਦਾ ਡਰਾਮਾ ਕਰ ਦੀਆਂ ਸਨ। ਉਨ੍ਹਾਂ ਕਿਹਾ ਪਰ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੀ ਸੇਵਾ ਲਈ ਕਾਰਜ ਕਰ ਰਹੀ ਹੈ।
ਵਿਧਾਇਕਾ ਨੇ ਕੀਤੀ ਸ਼ਲਾਘਾ: ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕਾ ਡਾਕਟਰ ਅਮਨਜੋਤ ਕੌਰ ਨੇ ਆਮ ਆਦਮੀ ਪਾਰਟੀ ਦੇ ਇੱਕ ਸਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਕਰੋੜਾਂ ਰੁਪਏ ਖ਼ਰਚ ਕਰਕੇ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੀਐੱਮ ਮਾਨ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਦਿੱਤੀਆਂ ਵੀ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਹਰ ਸਾਲ ਨੌਜਵਾਨਾਂ ਲਈ ਭਰਤੀਆਂ ਕੱਢ ਰਹੀ ਹੈ ਜਿਸ ਨੂੰ ਲੈਕੇ ਨੌਜਵਾਨਾਂ ਵਿੱਚ ਉਤਸ਼ਾਹ ਬਣਿਆ ਹੋਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ੇ ਦੀ ਰੋਕਥਾਮ ਅਤੇ ਕਿਸਾਨਾਂ ਲਈ ਵੀ ਉਪਰਾਲੇ ਕੀਤੇ ਹਨ।