ਮੋਗਾ: ਪੁਰਾਣੀ ਰੰਜਿਸ਼ ਦੌਰਾਨ ਪਿੰਡ ਬੁੱਟਰ ਵਿੱਚ ਕੁਝ ਵਿਅਕਤੀਆਂ ਵੱਲੋਂ ਨੌਜਵਾਨ ਉੱਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਜ਼ਖ਼ਮੀ ਹਾਲਾਤ ਵਿੱਚ ਸਿਵਲ ਹਸਪਤਾਲ ਵਿੱਚ ਭਰਤੀ ਹੈ। ਮੋਗਾ ਵਿੱਚ ਦੁਬਾਰਾ ਗੋਲੀ ਚੱਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੋਗਾ ਵਿੱਚ ਗੋਲੀ ਚਲਾ ਕੇ ਇੱਕ ਵਪਾਰੀ ਦੀ ਹੱਤਿਆ ਕੀਤੀ ਗਈ ਸੀ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪੀੜਤ ਹਰਸਿਮਰਤ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤ ਰਿਹਾ ਸੀ ਕਿ ਰਾਹ ਵਿੱਚ ਮੋਟਰ ਸਾਈਕਲ ਉੱਤੇ ਸਵਾਰ 3 ਨੌਜਵਾਨਾਂ ਨੇ ਗੋਲੀ ਚਲਾ ਦਿੱਤੀ। ਉਨ੍ਹਾਂ ਨੇ ਕਿਹਾ ਉਹ ਇਨ੍ਹਾਂ ਨੌਜਵਾਨਾਂ ਵਿੱਚੋਂ 2 ਨੌਜਵਾਨਾਂ ਨੂੰ ਜਾਣਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਗੋਲੀਆਂ ਚਲੀਆਂ ਉਸ ਵੇਲੇ ਉਹ ਟਰੈਕਟਰ ਉੱਤੇ ਸਵਾਰ ਸੀ ਜਿਸ ਕਰਕੇ ਉਨ੍ਹਾਂ ਦੇ ਗੋਡੇ ਉੱਤੇ ਇੱਕ ਗੋਲੀ ਲੱਗੀ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਮੇਰੇ ਉੱਤੇ ਹਮਲਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਉੱਤੇ 14 ਫਾਇਰ ਕੀਤੇ ਸੀ।
ਪੀੜਤ ਦੇ ਦੋਸਤ ਨੇ ਦੱਸਿਆ ਕਿ ਉਸ ਨੂੰ ਫੋਨ ਉੱਤੇ ਸੂਚਨਾ ਮਿਲੀ ਸੀ ਕਿ ਹਰਸਿਮਰਤ ਨੂੰ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉੱਤੇ ਪਹੁੰਚੇ ਕੇ ਹਰਸਿਮਰਤ ਨੂੰ ਹਸਪਤਾਲ ਭਰਤੀ ਕਰਵਾਇਆ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ।
ਐਸ.ਐਸ.ਪੀ ਹਰਮਨਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖ਼ਤ ਹੋ ਚੁੱਕੀ ਹੈ ਜਲਦੀ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ।
ਇਹ ਵੀ ਪੜ੍ਹੋ:ਬੀਕੇਯੂ ਕਾਦੀਆਂ ਦੇ ਆਗੂਆਂ ਨੇ ਕਾਲੇ ਚੋਲੇ ਪਾ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ