ਮੋਗਾ: ਦਿੱਲੀ ਚੱਲੋ ਤਹਿਤ ਪੰਜਾਬ ਵਿੱਚੋਂ ਕਿਸਾਨ ਲਗਾਤਾਰ ਵੱਡੀ ਗਿਣਤੀ ਵਿੱਚ ਰਵਾਨਾ ਹੋ ਰਹੇ ਹਨ। ਬੁੱਧਵਾਰ ਜ਼ਿਲ੍ਹੇ ਵਿੱਚੋਂ ਵੀ ਕਿਸਾਨਾਂ ਦਾ 150 ਟਰੈਕਟਰ-ਟਰਾਲੀਆਂ ਦਾ ਕਾਫ਼ਲਾ ਰਵਾਨਾ ਹੋਇਆ। ਨੈਸ਼ਨਲ ਹਾਈਵੇ 'ਤੇ ਕਿਸਾਨਾਂ ਵੱਲੋਂ ਟਰੈਕਟਰ-ਟਰਾਲੀਆਂ ਨੂੰ ਇੱਕ ਲਾਈਨਬੱਧ ਢੰਗ ਨਾਲ ਲਗਾ ਕੇ ਅੱਗੇ ਵਧਿਆ ਜਾ ਰਿਹਾ ਸੀ। ਇਸ ਮੌਕੇ ਕਿਸਾਨ ਆਗੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਥੇ ਵੀ ਕਿਸਾਨਾਂ ਨੂੰ ਰੋਕਿਆ ਜਾਵੇਗਾ ਉਹ ਉਥੇ ਹੀ ਧਰਨਾ ਲਾਉਣਗੇ।
ਮੌਕੇ 'ਤੇ ਗੱਲਬਾਤ ਕਰਦਿਆਂ ਨੌਜਵਾਨ ਕਿਸਾਨ ਆਗੂ ਕਰਮਜੀਤ ਸਿੰਘ ਕੋਟਕਪੂਰਾ ਨੇ ਕਿਹਾ ਕਿ ਸਵੇਰੇ ਜ਼ਿਲ੍ਹੇ ਵਿੱਚੋਂ 150 ਟਰੈਕਟਰ-ਟਰਾਲੀਆਂ ਲੈ ਕੇ ਕਿਸਾਨਾਂ ਦੇ ਇੱਕ ਕਾਫ਼ਲਾ ਚਲਾ ਗਿਆ ਹੈ ਅਤੇ ਹੁਣ ਇਹ 150 ਟਰਾਲੀਆਂ ਦਾ ਕਾਫ਼ਲਾ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਦਿੱਲੀ ਵਿਖੇ ਅਣਮਿੱਥੇ ਸਮੇਂ ਲਈ ਪੂਰੀ ਤਿਆਰੀ ਹੈ।
ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਆਗੂਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ ਅਤੇ ਸਾਰੇ ਪਿੰਡਾਂ ਵਿੱਚੋਂ ਕਿਸਾਨ ਆਪਣੇ ਸਮੇਂ ਮੁਤਾਬਕ ਦਿੱਲੀ ਨੂੰ ਚਾਲੇ ਪਾ ਰਹੇ ਹਨ। ਇਸਤੋਂ ਇਲਾਵਾ ਸ਼ਾਮ ਸਮੇਂ ਅਤੇ ਰਾਤ ਨੂੰ ਵੀ ਕਿਸਾਨ ਕਾਫਲੇ ਲਗਾਤਾਰ ਇਸੇ ਤਰ੍ਹਾਂ ਦਿੱਲੀ ਵੱਲ ਨੂੰ ਵਹੀਰਾਂ ਘੱਤਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚੋਂ ਵੀ ਵੀਰਵਾਰ ਨੂੰ 500 ਹੋਰ ਕਿਸਾਨ ਵਾਹਨਾਂ ਦੇ ਕਾਫ਼ਲੇ ਜਾਣਗੇ।
ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਜਿਥੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੀਆਂ ਤਾਂ ਕਿਸਾਨ ਉਥੇ ਹੀ ਸ਼ਾਂਤਮਈ ਸੰਘਰਸ਼ ਕਰਦੇ ਹੋਏ ਧਰਨਾ ਲਗਾ ਦੇਣਗੇ, ਪਰੰਤੂ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨਾਂ ਨਹੀਂ ਆਉਣਗੇ।