ਮੋਗਾ: ਬੱਗੇਆਣਾ ਬਸਤੀ ਵਿੱਚ ਰਹਿਣ ਵਾਲੇ 21 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਦੀ ਭੇਤਭਰੇ ਹਾਲਾਤ ਵਿੱਚ ਇਲਾਜ ਦੌਰਾਨ ਪੀਜੀਆਈ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਆਰੋਪ ਲਗਾਇਆ ਹੈ ਕਿ ਮੋਗਾ ਦੇ ਕੱਚਾ ਦੁਸਾਂਝ ਰੋਡ 'ਤੇ ਸਥਿਤ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕਾਂ ਵੱਲੋਂ ਉਨ੍ਹਾਂ ਦੇ ਲੜਕੇ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ।
ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਲਵਪ੍ਰੀਤ ਸਿੰਘ ਨਸ਼ੇ ਕਰਨ ਦਾ ਆਦੀ ਸੀ। ਇਸ ਦੇ ਚੱਲਦੇ ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਨੇ ਲਵਪ੍ਰੀਤ ਨੂੰ ਕੱਚਾ ਦੁਸਾਂਝ ਰੋਡ 'ਤੇ ਸਥਿਤ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾ ਦਿੱਤਾ ਸੀ। 2 ਮਹੀਨੇ ਦੌਰਾਨ ਪਰਿਵਾਰ ਵੱਲੋਂ ਕੇਂਦਰ ਦੇ ਸੰਚਾਲਕਾਂ ਨੂੰ 10-10 ਹਜ਼ਾਰ ਰੁਪਏ ਵੀ ਦਿੱਤੇ ਗਏ ਤਾਂ ਕਿ ਉਨ੍ਹਾਂ ਦਾ ਲੜਕਾ ਜਲਦੀ ਤੋਂ ਜਲਦੀ ਨਸ਼ਾ ਛੱਡ ਕੇ ਵਾਪਸ ਘਰ ਆ ਸਕੇ।
ਸੁਖਵਿੰਦਰ ਕੌਰ ਮੁਤਾਬਕ 9 ਜਨਵਰੀ ਦੀ ਰਾਤ ਨੂੰ ਕੇਂਦਰ ਸੰਚਾਲਕਾਂ ਵੱਲੋਂ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦਾ ਲੜਕਾ ਲਵਪ੍ਰੀਤ ਵਾਪਸ ਆਪਣੇ ਘਰ ਆ ਰਿਹਾ ਹੈ। ਦੇਰ ਰਾਤ ਜਦੋਂ ਲਵਪ੍ਰੀਤ ਆਪਣੇ ਘਰ ਵਾਪਿਸ ਆਇਆ ਤਾਂ ਉਸ ਦੀ ਹਾਲਤ ਕਾਫੀ ਖਰਾਬ ਸੀ। ਇਸ ਦੇ ਚੱਲਦੇ ਪਰਿਵਾਰ ਵੱਲੋਂ ਤੁਰੰਤ ਉਸ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਤ ਜ਼ਿਆਦਾ ਵਿਗੜਨ 'ਤੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ। ਸੁਖਵਿੰਦਰ ਕੌਰ ਨੇ ਮੰਗ ਕੀਤੀ ਹੈ ਕਿ ਤੁਰੰਤ ਉਕਤ ਨਸ਼ਾ ਛਡਾਊ ਕੇਂਦਰ ਬੰਦ ਹੋਣਾ ਚਾਹੀਦਾ ਹੈ ਅਤੇ ਉਸਦੇ ਸੰਚਾਲਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਥਾਣਾ ਮੋਗਾ ਦੇ ਐਸਐਚਓ ਬਲਰਾਜ ਮੋਹਨ ਦਾ ਕਹਿਣਾ ਹੈ ਕਿ ਉਕਤ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮੋਗਾ ਦੇ ਸਿਵਲ ਹਸਪਤਾਲ ਵਿਖੇ 3 ਡਾਕਟਰਾਂ ਦਾ ਬੋਰਡ ਬਣਾ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।