ਮਾਨਸਾ: ਇਸ ਵੇਲੇ ਨਰਮੇ ਦੀ ਫਸਲ ਆਪਣੇ ਜੋਬਨ 'ਤੇ ਪਹੁੰਚ ਚੁੱਕੀ ਹੈ। ਇਸੇ ਦੌਰਾਨ ਹੀ ਬਰਸਾਤ ਦਾ ਮੌਸਮ ਵੀ ਚੱਲ ਰਿਹਾ ਹੈ। ਨਰਮੇ ਦੀ ਫਸਲ ਨੂੰ ਲੈ ਕੇ ਕਿਸਾਨਾਂ ਅੰਦਰ ਇਸ ਵਾਰ ਭਾਰੀ ਉਤਸ਼ਾਹ ਵੀ ਹੈ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚੋਂ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਦਾ ਹਮਲਾ ਹੋਣ ਦਾ ਕਿਸਾਨਾਂ ਨੂੰ ਸ਼ੱਕ ਹੋਇਆ ਹੈ। ਕਿਸਾਨਾਂ ਅੰਦਰ ਪੈਦਾ ਹੋਏ ਇਸ ਡਰ ਦੇ ਮੱਦੇ ਨਜ਼ਰ ਖੇਤੀਬਾੜੀ ਵਿਭਾਗ ਵੀ ਹਰਕਤ ਵਿੱਚ ਆਇਆ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਤੰਤਰ ਕੁਮਾਰ ਐਰੀ ਨੇ ਖ਼ੁਦ ਕਿਸਾਨਾਂ ਦੀ ਫਸਲਾ ਦਾ ਜਾਇਜ਼ਾ ਲਿਆ ਹੈ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਹੈ। ਇਸ ਤੋਂ ਬਾਅਦ ਉਹ ਤੁਰੰਤ ਕਿਸਾਨਾਂ ਦੀ ਸਮੱਸਿਆ ਸੁਣਨ ਦੇ ਲਈ ਖੇਤਾਂ 'ਚ ਪਹੁੰਚੇ ਹਨ ਅਤੇ ਉਨ੍ਹਾਂ ਦੱਸਿਆ ਕਿ ਨਰਮੇ ਦੀ ਫ਼ਸਲ ਤੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਇਆ। ਉਨ੍ਹਾਂ ਕਿਹਾ ਨਰਮੇ ਦੀ ਫ਼ਸਲ ਬਿਲਕੁਲ ਠੀਕ ਠਾਕ ਹੈ ਅਤੇ ਇਸ ਵਾਰ ਨਰਮੇ ਦੀ ਬੰਪਰ ਫ਼ਸਲ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਕਿਸਾਨਾਂ ਨੂੰ ਜੇਕਰ ਚਿੱਟੀ ਮੱਖੀ ਹੋਣ ਦਾ ਡਰ ਪੈਂਦਾ ਹੈ ਤਾਂ ਤੁਰੰਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਬਦਲਵੀਂ ਸਪਰੇ ਛਿੜਕ ਸਕਦੇ ਨੇ ਅਤੇ ਕਿਸਾਨਾਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਸਪਰੇਅ ਛਿੜਕਣੀ ਚਾਹੀਦੀ ਹੈ ਤਾਂ ਕਿ ਨਰਮੇ ਦੀ ਫ਼ਸਲ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਾ ਹੋ ਸਕੇ।
ਕਿਸਾਨ ਸੀਤਾ ਸਿੰਘ ਤੇ ਕਿਸਾਨ ਦਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਦੇ ਪੈਦਾ ਹੋਣ ਦਾ ਸ਼ੱਕ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਵਿਭਾਗ ਦੇ ਅਧਿਕਾਰੀ ਉਨ੍ਹਾਂ ਦੇ ਖੇਤਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਨਾ ਘਬਰਾਉਣ ਦੀ ਗੱਲ ਕਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਵਿਭਾਗ ਦੇ ਡਾਇਰੈਕਟਰ ਵੀ ਉਨ੍ਹਾਂ ਦੇ ਖੇਤਾਂ ਵਿੱਚ ਆਏ ਨੇ ਤੇ ਉਨ੍ਹਾਂ ਨੇ ਨਰਮੇ ਦੀ ਫ਼ਸਲ ਦੇਖੀ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅੱਜ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਤੇ ਨਰਮੇ ਦੀ ਫ਼ਸਲ ਠੀਕ ਠਾਕ ਹੈ।