ਮਾਨਸਾ: ਪੰਜਾਬ ਲੋਕ ਘੋਲਾ ਅਤੇ ਜੁਰਮ ਵਿਰੁੱਧ ਲੜਣ ਵਾਲੇ ਲੋਕਾਂ ਦੀ ਧਰਤੀ ਹੈ। ਪੰਜਾਬ ਨੇ ਆਪਣੇ 'ਤੇ ਆਈਆਂ ਹਰ ਮੁਸੀਬਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਪੰਜਾਬ ਵਿੱਚ ਸਮੇਂ ਸਮੇਂ 'ਤੇ ਲੋਕਾਂ ਨੇ ਸਰਕਾਰਾਂ ਵਿਰੁੱਧ ਵਿਰੋਧ ਦਾ ਝੰਡਾ ਵੀ ਚੁੱਕਿਆ ਹੈ। ਇਨ੍ਹਾਂ ਲੋਕ ਸੰਘਰਸ਼ਾਂ ਵਿੱਚ ਲੋਕ ਲੜ੍ਹਦੇ ਹਨ ਅਤੇ ਇਨ੍ਹਾਂ ਲੜ੍ਹ ਰਹੇ ਲੋਕਾਂ ਵਿੱਚੋਂ ਹੀ ਬਹੁਤ ਸਾਰੇ ਲੋਕ ਪੱਖੀ ਗਾਇਕ, ਗੀਤਕਾਰ ਅਤੇ ਸਾਹਿਤਕਾਰ ਪੈਦਾ ਹੋਏ ਹਨ। ਕੁਝ ਇਸੇ ਤਰ੍ਹਾਂ ਦਾ ਹੀ ਇਨਕਲਾਬੀ ਗਾਇਕ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਵਿੱਚ ਪੈਦਾ ਹੋਇਆ ਅਜਮੇਰ ਅਕਲੀਆ, ਜੋ ਬਚਪਨ ਤੋਂ ਹੀ ਲੋਕ ਸੰਘਰਸ਼ਾਂ ਵਿੱਚ ਇਨਕਲਾਬੀ ਗੀਤ ਗਾ ਕੇ ਲੋਕਾਂ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਦਾ ਹੋਕਾ ਦੇ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ 'ਤੇ ਹਨ। ਇਨ੍ਹਾਂ ਸੰਘਰਸ਼ਾ ਵਿੱਚ ਇੱਥੇ ਪੰਜਾਬ ਦੇ ਵੱਡੇ ਕਲਾਕਾਰ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ 'ਤੇ ਆਏ ਹਨ। ਉੱਥੇ ਹੀ ਅਜਮੇਰ ਅਕਲੀਆ ਵਰਗੇ ਇਨਕਲਾਬੀ ਗਾਇਕ ਸੰਘਰਸ਼ਾਂ ਦੇ ਪਿੜਾਂ ਵਿੱਚ ਕਈ ਵਰ੍ਹਿਆਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਖੜ੍ਹੇ ਰਹਿੰਦੇ ਹਨ।
ਅਜਮੇਰ ਅਕਲੀਆ ਜੋ ਬੀਤੇ 26 ਵਰ੍ਹਿਆਂ ਤੋਂ ਕਿਸਾਨਾਂ ਦੇ ਸੰਘਰਸ਼ਾਂ ਦੇ ਨਾਲ ਜੁੜਿਆ ਹੈ। ਖ਼ੁਦ ਇੱਕ ਮਜ਼ਦੂਰ ਪਰਿਵਾਰ ਦੇ ਵਿੱਚੋਂ ਹੋਣ ਦੇ ਚੱਲਦਿਆਂ ਕਿਸਾਨਾਂ ਦੇ ਅੰਦੋਲਨਾਂ ਵਿੱਚ ਗੀਤ ਗਾ ਕੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਕਰਦੇ ਹਨ। ਅਜਮੇਰ ਦਾ ਘਰ ਲੋਕ ਘੋਲਾਂ ਵਿੱਚ ਮਿਲੇ ਮਾਣ-ਸਨਮਾਨ ਨਾਲ ਚਲਦਾ ਹੈ।
ਝੱਲੇ ਹਕੂਮਤੀ ਤਸ਼ੱਦਦ
ਅਜਮੇਰ ਇਨ੍ਹਾਂ ਸੰਘਰਸ਼ਾਂ ਵਿੱਚ ਗੀਤ ਹੀ ਨਹੀਂ ਗਾਉਂਦਾ ਸਗੋਂ ਕਿਸਾਨਾਂ ਦੇ ਨਾਲ ਇਹ ਸੰਘਰਸ਼ ਵੀ ਲੜ੍ਹਦਾ ਹੈ। ਇਨ੍ਹਾਂ ਸੰਘਰਸ਼ਾਂ ਦੌਰਾ ਉਸ ਨੂੰ ਕਈ ਵਾਰ ਹਕੂਮਤੀ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪਿਆ ਹੈ ਅਤੇ ਜੇਲ੍ਹਾਂ ਵੀ ਕੱਟਣੀਆਂ ਪਈਆਂ ਹਨ।
ਬਚਪਨ ਤੋਂ ਹੋ ਹੀ ਲੱਗੀ ਚੇਟਕ
ਅਜਮੇਰ ਅਕਲੀਆ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਇਨਕਲਾਬੀ ਸੋਚ ਦਾ ਵਿਦਿਆਰਥੀ ਸੀ ਅਤੇ ਪੜ੍ਹਾਈ ਦੇ ਨਾਲ ਨਾਲ ਉਹ ਇਨਕਲਾਬੀ ਲਹਿਰਾਂ ਦੇ ਨਾਲ ਜੁੜਿਆ ਰਿਹਾ। ਉਸ ਦੇ ਪਿਤਾ ਅਤੇ ਚਾਚਾ ਵੀ ਲੋਕ ਘੋਲਾਂ ਵਿੱਚ ਹਿੱਸਾ ਲੈਂਦੇ ਸਨ। ਉਸ ਨੂੰ ਗਾਉਣ ਦਾ ਸ਼ੌਕ ਸੀ ਤੇ ਜਦੋਂ ਵੀ ਸਟੂਡੈਂਟ ਫੈਡਰੇਸ਼ਨ ਦੀਆਂ ਕੋਈ ਨੁੱਕੜ ਮੀਟਿੰਗਾਂ ਹੁੰਦੀਆਂ ਤਾਂ ਉੱਥੇ ਅਜਮੇਰ ਅਕਲੀਆ ਗੀਤ ਗਾਉਂਦਾ। ਇਸ ਦੇ ਨਾਲ ਹੀ ਅਜਮੇਰ ਔਲਖ ਦੇ ਮਨ ਵਿੱਚ ਅਜਿਹੀ ਚੇਟਕ ਲੱਗੀ ਕਿ ਉਹ ਛੱਤੀ ਸਾਲਾਂ ਤੋਂ ਕਿਸਾਨਾਂ ਦੇ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਕਿਸਾਨਾਂ ਦੇ ਇਨ੍ਹਾਂ ਸੰਘਰਸ਼ਾਂ ਵਿੱਚ ਜਾ ਕੇ ਇਨਕਲਾਬੀ ਗੀਤ ਪੇਸ਼ ਕਰਦਾ ਹੈ।
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦ੍ਰਿੜ
ਅਜਮੇਰ ਅਕਲੀਆ ਇਸ ਸਮੇਂ ਚੱਲ ਰਹੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਉਸ ਦਾ ਕਹਿਣਾ ਹੈ ਕਿ ਇਹ ਕਾਨੂੰਨ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦੇ ਵਿਰੋਧੀ ਹਨ। ਇਨ੍ਹਾਂ ਨਾਲ ਪੰਜਾਬ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਸਾਹ ਲੈਣਗੇ।
ਪੰਜਾਬ ਦਾ ਇਨਕਲਾਬੀ ਸੱਭਿਆਚਾਰ
ਪੰਜਾਬ ਦੇ ਲੋਕ ਹਮੇਸ਼ਾ ਹੀ ਜ਼ਬਰ ਤੇ ਜੁਲਮ ਦੇ ਵਿਰੁੱਧ ਲੜ੍ਹਦੇ ਆ ਰਹੇ ਹਨ। ਸਿੱਖ ਇਤਿਹਾਸ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਪੋਰਸ, ਦੁੱਲਾ ਭੱਟੀ, ਗਦਰੀ ਬਾਬੇ ਅਤੇ ਸ਼ਹੀਦ ਭਗਤ ਸਿੰਘ ਸਾਡਾ ਇਨਕਲਾਬੀ ਵਿਰਸਾ ਹਨ। ਇਨ੍ਹਾਂ ਘੋਲਾਂ ਦੌਰਾਨ ਪੰਜਬਾ ਨੇ ਪਾਸ਼, ਸੰਤ ਰਾਮ ਉਦਾਸੀ ਅਤੇ ਕਰਨੈਲ ਸਿੰਘ ਪਾਰਸ ਵਰਗੇ ਲੋਕ ਕਵੀਆਂ ਨੂੰ ਜਨਮ ਦਿੱਤਾ ਹੈ। ਇਸੇ ਨਾਲ ਹੀ ਭਾਜੀ ਗੁਰਸ਼ਰਨ, ਅਜਮੇਰ ਸਿੰਘ ਅੋਲਖ ਵਰਗੇ ਲੋਕ ਨਾਟਕਕਾਰਾਂ ਨੇ ਪੰਜਾਬ ਦੇ ਲੋਕ ਘੋਲਾਂ ਨੂੰ ਲਾਮਬੰਦ ਕਰਨ ਲਈ ਸਾਹਿਤ ਯੋਗਦਾਨ ਪਾਇਆ ਹੈ। ਇਸ ਦੌਰ ਵਿੱਚ ਸੈਮੂਅਲ ਜੋਹਨ, ਹੈਪੀ ਭਗਤਾ, ਬਲਵਿੰਦਰ ਬੁੱਲਟ, ਜਗਦੀਸ਼ ਜੀਦਾ, ਫਿਲਮਸਾਜ਼ ਰਾਜੀਵ ਕੁਮਾਰ ਸਮੇਤ ਕਈ ਕਲਾ ਰਾਹੀਂ ਪੰਜਾਬ ਦੇ ਲੋਕਾਂ ਨੁੰ ਲੋਕ ਘੋਲਾਂ ਲਈ ਲਾਮਬੰਦ ਕਰ ਰਹੇ ਹਨ।