ਮਾਨਸਾ: ਕੋਰੋਨਾ ਮਹਾਂਮਾਰੀ ਦੇ ਦੌਰਾਨ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਰੁਜ਼ਗਾਰ ਲਈ ਹੁਨਰਮੰਦ ਬਣਾਉਣ ਲਈ ਮਾਨਸਾ ਦੀ ਰਣਜੀਤ ਕੌਰ ਬੂਟੀਕ ਸੈਂਟਰ ਚਲਾ ਰਹੀ ਹੈ। ਇਸ 'ਚ ਰਣਜੀਤ ਕੌਰ ਵਲੋਂ ਲੜਕੀਆਂ ਨੂੰ ਮੁਫ਼ਤ ਸਿਲਾਈ ਕਢਾਈ ਸਿਖਾਈ ਜਾ ਰਹੀ ਹੈ।
ਇਸ ਸਬੰਧੀ ਰਣਜੀਤ ਕੌਰ ਨੇ ਦੱਸਿਆ ਕਿ ਉਸ ਵਲੋਂ ਲੋੜਵੰਦ ਲੜਕੀਆਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਘਰ ਖਰਚ ਲਈ ਲੜਕੀਆਂ ਨੂੰ ਹੁਨਰਮੰਦ ਬਣਾਉਣ ਦੀ ਉਨ੍ਹਾਂ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਇੰਨਾਂ ਲੜਕੀਆਂ 'ਚ ਕਈਆਂ ਦੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ ਹੈ ਤਾਂ ਕਿਸੇ ਦੇ ਪਤੀ ਦੀ ਮੌਤ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਕਈ ਅਜਿਹੀਆਂ ਲੜਕੀਆਂ ਵੀ ਸ਼ਾਮਲ ਹਨ, ਜਿਨਾਂ ਦੀ ਲੌਕ ਡਾਊਨ ਕਾਰਨ ਆਰਥਿਕ ਹਾਲਤ ਠੀਕ ਨਹੀਂ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਸਿਖਲਾਈ ਲੜਕੀਆਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਮਾਜਸੇਵੀ ਸੰਸਥਾਵਾਂ ਨੂੰ ਵੀ ਇੰਨਾਂ ਧੀਆਂ ਦੀ ਮਦਦ ਕਰਨ ਲਈ ਅਪੀਲ ਕੀਤੀ ਹੈ।
ਇਸ ਮੌਕੇ ਸਿਲਾਈ ਕਢਾਈ ਸਿੱਖਣ ਆਈਆਂ ਕੁੜੀਆਂ ਦਾ ਕਹਿਣਾ ਕਿ ਉਨ੍ਹਾਂ ਦੀ ਘਰ ਦੀ ਹਾਲਤ ਨਾਜ਼ੁਕ ਹੈ, ਜਿਸ ਕਾਰਨ ਉਨ੍ਹਾਂ ਵਲੋਂ ਆਪਣੇ ਘਰ ਖ਼ਰਚ ਚਲਾਉਣ ਲਈ ਸਿਖਲਾਈ ਲਈ ਜਾ ਰਹੀ ਹੈ, ਤਾਂ ਜੋ ਹੁਨਰਮੰਦ ਹੋ ਕੇ ਉਹ ਆਪਣਾ ਗੁਜ਼ਾਰਾ ਅਸਾਨੀ ਨਾਲ ਕਰ ਸਕਣ।