ਮਾਨਸਾ: ਮੂਸਾ ਰਜਵਾਹੇ ਵਿੱਚ ਬੀਤੀ ਰਾਤ 50 ਫੁੱਟ ਪਾੜ ਪੈ ਗਿਆ ਜਿਸ ਕਾਰਨ ਕਿਸਾਨਾਂ ਦੀ 50 ਏਕੜ ਫ਼ਸਲ ਵਿੱਚ ਪਾਣੀ ਭਰ ਚੁੱਕਿਆ ਹੈ। ਇਸ ਤੋਂ ਇਲਾਵਾ ਨੇੜੇ ਲੱਗਦੇ ਘਰਾਂ ਵਿੱਚ ਵੀ ਪਾਣੀ ਪਹੁੰਚ ਗਿਆ ਹੈ ਪਰ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਸਾਰ ਲੈਣ ਨਹੀਂ ਆਇਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਰਾਤ ਸਮੇਂ ਹੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਉੱਥੇ ਪਹੁੰਚਣ ਦੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਰਜਵਾਹੇ ਵਿੱਚ ਬਹੁਤ ਵਾਰ ਪਾੜ ਪੈ ਚੁੱਕਿਆ ਹੈ ਪਰ ਪ੍ਰਸ਼ਾਸਨ ਇਸ ਰਜਵਾਹੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਜਵਾਹਾ ਟੁੱਟਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੁੰਦੀਆਂ ਹਨ ਪਰ ਜਦੋਂ ਵੀ ਕਿਸੇ ਅਧਿਕਾਰੀ ਨੂੰ ਇਸ ਸਬੰਧੀ ਕਿਹਾ ਜਾਂਦਾ ਹੈ ਤਾਂ ਉਹ ਪਾਸਾ ਵੱਟ ਜਾਂਦੇ ਹਨ। ਰਜਵਾਹੇ ਉੱਤੇ ਜੋ ਬੇਲਦਾਰ ਡਿਊਟੀ ਕਰਦੇ ਹਨ ਉਹ ਸਿਰਫ ਲੱਕੜਾਂ ਕੱਟ ਕੇ ਲੈ ਕੇ ਜਾਣ ਦੀ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਨਾ ਕਿ ਰਜਵਾਹੇ ਦੀ ਸਫ਼ਾਈ ਕਰਨਾ।
ਨਹਿਰੀ ਵਿਭਾਗ ਦੇ ਐਕਸੀਅਨ ਕਰਤਾਰ ਚੰਦ ਨੇ ਕਿਹਾ ਕਿ ਰਜਵਾਹਾ ਜ਼ਿਆਦਾਤਰ ਇਸ ਲਈ ਟੁੱਟਦਾ ਹੈ ਕਿਉਂਕਿ ਇਸ ਵਿੱਚ ਚੂਹੇ ਦਰਾਰਾਂ ਕਰ ਦਿੰਦੇ ਹਨ ਜਿਸ ਕਾਰਨ ਰਜਵਾਹਾ ਟੁੱਟ ਜਾਂਦਾ ਹੈ। ਉਨ੍ਹਾਂ ਮੰਨਿਆ ਕਿ ਰਜਵਾਹੇ ਦੀ ਸਫ਼ਾਈ ਪਿਛਲੇ ਦਸੰਬਰ ਮਹੀਨੇ ਵਿੱਚ ਹੋਈ ਸੀ। ਇਸ ਵਾਰ ਛੇਤੀ ਹੀ ਉਹ ਬੰਦੀ ਕਰਵਾ ਕੇ ਰਜਵਾਹੇ ਦੀ ਸਫ਼ਾਈ ਕਰਵਾਉਣਗੇ।