ਮਾਨਸਾ: ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਰੇਲਵੇ ਲਾਈਨਾਂ ਉੱਤੇ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਕਿਸਾਨਾਂ ਦੀ ਹਮਾਇਤ ਲਈ 'ਨਰਮਦਾ ਬਚਾਓ ਅੰਦੋਲਨ' ਦੀ ਅਗਵਾਈ ਕਰਨ ਵਾਲੀ ਮੇਧਾ ਪਾਟੇਕਰ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸੰਵਿਧਾਨ ਵਿੱਚ ਸੋਧ ਹੋ ਸਕਦੀ ਹੈ ਤਾਂ ਕਾਨੂੰਨ ਵਿੱਚ ਸੋਧ ਕਿਉਂ ਨਹੀਂ ਕੀਤੀ ਜਾ ਸਕਦੀ।
ਮੇਧਾ ਪਾਟੇਕਰ ਨੇ ਕਿਹਾ ਕਿ ਕ੍ਰਾਂਤੀ ਪੰਜਾਬ ਦੀ ਖ਼ਾਸੀਅਤ ਹੈ, ਜੋ ਇਸ ਕਿਸਾਨ ਅੰਦੋਲਨ ਵਿੱਚ ਵੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਕਿਸਾਨ ਸੰਗਠਨਾਂ ਦਾ ਸਹਿਯੋਗ ਮਿਲਿਆ ਹੈ ਅਤੇ ਉਹ ਇੱਕ ਵਿਵਸਥਿਤ ਰੂਪ ਵਿੱਚ ਚਲਾਏ ਜਾ ਰਹੇ ਇਸ ਕਿਸਾਨੀ ਅੰਦੋਲਨ ਦੀ ਅਗਵਾਈ ਨੂੰ ਸਲਾਮ ਕਰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਲਾਂ ਦੀ ਰਾਜਨੀਤੀ ਦੀ ਥਾਂ ਅੰਦੋਲਨਾਂ ਦੀ ਰਾਜਨੀਤੀ ਨੇ ਸਰਕਾਰ ਨੂੰ ਵਿਅਕਤੀਗਤ ਤਰਜਮਾਨੀ ਕਰਨ ਲਈ ਮਜਬੂਰ ਕੀਤਾ ਹੈ। ਜਿਸ ਦੇ ਨਾਲ ਅਕਾਲੀ ਦਲ ਨੂੰ ਆਪਣੀ ਭੂਮਿਕਾ ਬਦਲਨੀ ਪਈ ਅਤੇ ਰਾਹ ਸੁਧਾਰਨਾ ਪਿਆ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ, ਇਸ ਨਾਲ ਹੀ ਦੇਸ਼ ਨੂੰ ਬਹੁਤ ਪ੍ਰੇਰਨਾ ਮਿਲੀ ਹੈ।
ਉਨ੍ਹਾਂ ਕਿਹਾ ਕਿ ਹਰ ਰਾਜ ਵਿੱਚ ਕਿਸਾਨ ਸੰਘਰਸ਼ ਦੇ ਸਾਡੇ ਜੋ ਸਾਥੀ ਹਨ ਉਹ ਚਾਹੇ ਤਮਿਲਨਾਡੂ ਵਿੱਚ ਹੋਣ, ਉੜੀਸਾ ਵਿੱਚ ਹੋਣ, ਮੱਧ ਪ੍ਰਦੇਸ਼ ਵਿੱਚ, ਉੱਤਰ ਪ੍ਰਦੇਸ਼ ਵਿੱਚ, ਚਾਹੇ ਕੇਰਲ ਵਿੱਚ ਸਾਰਿਆਂ ਨੇ ਪੰਜਾਬ ਨੂੰ ਸਲਾਮ ਭੇਜਿਆ ਹੈ।