ਮਾਨਸਾ: ਮਾਨਸਾ ਦੇ ਐੱਸਡੀਐੱਮ ਅਭੀਜੀਤ ਕਪਲੀਸ਼ ਨੇ ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਜਾਰੀ ਕਰ ਮਾਨਸਾ 'ਚ ਕੀਤੇ ਗਏ ਰੋਡ ਸ਼ੋਅ ਦੌਰਾਨ ਬੋਰਡ ਲਾਉਣ ਤੇ ਪ੍ਰਸ਼ਾਸਨ ਤੋਂ ਮਨਜ਼ੂਰੀ ਨਾ ਲੈਣ ਬਾਰੇ ਜਵਾਬ ਮੰਗਿਆ ਹੈ।
ਮਾਨਸਾ ਦੇ ਐਸਡੀਐਮ ਨੇ ਸੁਖਪਾਲ ਸਿੰਘ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਖਹਿਰਾ ਵੱਲੋਂ ਜਵਾਬ ਮੰਗਿਆ ਗਿਆ ਹੈ। ਦੋਸ਼ ਹਨ ਕਿ ਮਾਨਸਾ ਦੇ ਪਿੰਡ ਢੈਪਈ ਤੋਂ ਸ਼ੁਰੂ ਕੀਤੇ ਗਏ ਰੋਡ ਸ਼ੋਅ ਤੇ ਬੋਰਡ ਲਾਉਣ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ ਸੀ। ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਭਾਰਤੀ ਦੰਡ ਸੰਘਤਾ ਦੀ ਧਾਰਾ 188 ਅਨੁਸਾਰ ਆਦਰਸ਼ ਚੋਣ–ਜ਼ਾਬਤੇ (MCC - Model Code of Conduct) ਦੀ ਉਲੰਘਣਾ ਕੀਤੀ ਹੈ।
ਪੰਜਾਬੀ ਏਕਤਾ ਪਾਰਟੀ ਦੇ ਮੁਖੀ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਸੋਮਵਾਰ ਨੂੰ ਮਾਨਸਾ ਦੇ ਪਿੰਡ ਢੈਪਈ 'ਚ ਰੋਡ ਸ਼ੋਅ ਕੀਤਾ ਸੀ ਤੇ ਰੋਡ ਸ਼ੋਅ ਨੂੰ ਲੈ ਕੇ ਬੈਨਰ ਤੇ ਬੋਰਡ ਲਗਾਏ ਗਏ ਸਨ।
ਐਸਡੀਐਮ ਅਭੀਜੀਤ ਕਪਲੀਸ਼ ਨੇ ਕਿਹਾ ਕਿ ਜੇਕਰ ਖਹਿਰਾ ਢੁਕਵਾਂ ਜਵਾਬ ਨਾ ਦੇ ਸਕੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੈ। ਇਸ ਲਈ ਕਿਸੇ ਵੀ ਸਿਆਸੀ ਧਿਰ ਵੱਲੋਂ ਰੈਲੀ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੈ। ਪਰ ਪੰਜਾਬੀ ਏਕਤਾ ਪਾਰਟੀ ਨੇ ਅਜਿਹੀ ਕੋਈ ਇਜਾਜ਼ਤ ਨਹੀਂ ਲਈ ਤੇ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ।