ਮਾਨਸਾ: ਕਸਬਾ ਬਰੇਟਾ ਦੇ ਅਧਿਆਪਕ ਹਿਮਾਂਸ਼ੂ ਸਿੰਗਲਾ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਮਸੀਹਾ ਬਣੇ ਹੋਏ ਹਨ। ਹਿਮਾਂਸ਼ੂ ਸਿੱਖਿਆ ਦੇ ਗਿਆਨ ਤੋਂ ਵਾਂਝੇ ਰਹਿ ਚੁੱਕੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੀ ਰੌਸ਼ਨੀ ਦੇ ਰਹੇ ਹਨ। ਅਧਿਆਪਕ ਹਿਮਾਂਸ਼ੂ ਪਿਛਲੇ 9 ਸਾਲਾਂ ਤੋਂ ਯਾਨੀ ਕਿ 2011 ਤੋਂ ਹੁਣ ਤੱਕ 250 ਤੋਂ ਜ਼ਿਆਦਾ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਚੁੱਕੇ ਹਨ। ਹਿਮਾਂਸ਼ੂ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ 46 ਬੱਚੇ ਨਵੋਦਿਆ ਸਕੂਲ, 19 ਬੱਚੇ ਮੈਰੀਟੋਰੀਅਸ ਅਤੇ 13 ਬੱਚੇ ਨੈਸ਼ਨਲ ਸਕਾਲਰਸ਼ਿਪ ਦਾ ਟੈਸਟ ਪਾਸ ਕਰ ਚੁੱਕੇ ਹਨ।
2011 ਤੋਂ ਗਰੀਬ ਬੱਚਿਆਂ ਨੂੰ ਸਿੱਖਿਅਤ ਕਰ ਰਹੇ ਅਤੇ 2016 ਤੋਂ ਅਧਿਆਪਕ ਦਾ ਕਾਰਜ ਸ਼ੁਰੂ ਕਰਨ ਵਾਲੇ ਬਰੇਟਾ ਦੇ ਅਧਿਆਪਕ ਹਿਮਾਂਸ਼ੂ ਸਿੰਗਲਾ ਨੇ ਗ਼ਰੀਬ ਪਰਿਵਾਰਾਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾਈ ਕਰਨ ਦੀ ਬਜਾਏ ਆਪਣੇ ਮਾਤਾ ਪਿਤਾ ਦੇ ਨਾਲ ਕਾਗਜ਼ ਅਤੇ ਕੂੜਾ ਕਬਾੜ ਇਕੱਠਾ ਕਰਦੇ ਵੇਖਿਆ ਤਾਂ ਮਨ ਵਿੱਚ ਠਾਣਿਆਂ ਕਿ ਸਕੂਲ ਜਾਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਪੜ੍ਹਾਈ ਕਰਵਾਏਗਾ।
ਹਿਮਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਹੁਣ ਤੱਕ 250 ਬੱਚਿਆਂ ਨੂੰ ਸਿੱਖਿਅਤ ਕਰ ਚੁੱਕੇ ਹਨ। ਵਿਦਿਆਰਥੀ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਹਿਮਾਂਸ਼ੂ ਸਰ ਤੋਂ ਨੌਵੀਂ ਕਲਾਸ ਤੋਂ ਸਿੱਖਿਆ ਹਾਸਲ ਕਰ ਬੀਐੱਸਸੀ ਦੀ ਪੜ੍ਹਾਈ ਕਰ ਰਹੀ ਹੈ। ਬੀ.ਕਾਮ ਦੀ ਵਿਦਿਆਰਥੀ ਹਰਪ੍ਰੀਤ ਕੌਰ ਨੇ ਵੀ ਹਿਮਾਂਸ਼ੂ ਸਿੰਗਲਾ ਵੱਲੋਂ ਹਰ ਸਮੇਂ ਸਿੱਖਿਆ ਦੇ ਲਈ ਕੀਤੀ ਗਈ ਮੱਦਦ ਨੂੰ ਯਾਦ ਕਰਦੇ ਹੋਏ ਕਿਹਾ ਕਿ ਨੌਵੀਂ ਕਲਾਸ ਤੋਂ ਉਹ ਉਨ੍ਹਾਂ ਦੇ ਕੋਲ ਸਿੱਖਿਆ ਗ੍ਰਹਿਣ ਕਰ ਕੇ ਇੱਥੋਂ ਤੱਕ ਪਹੁੰਚੀ ਹੈ।