ਮਾਨਸਾ : 'ਅਸੀਂ ਜਿਉਂਦੇ ਹਾਂ ਅਣਖ ਦੇ ਨਾਲ' ਪੜ੍ਹੇ ਲਿਖੇ ਹੋਣ ਦੇ ਬਾਵਜੂਦ ਨੌਕਰੀ ਨਾ ਮਿਲਣ ਕਾਰਨ ਬੇਰੁਜ਼ਗਾਰ 5 ਨੌਜਵਾਨਾਂ ਨੇ ਮਿਲ ਕੇ ਸਹਾਇਕ ਧੰਦਾ ਅਪਣਾਇਆ ਹੈ, ਜੋ ਪਿਛਲੇ 2 ਸਾਲਾਂ ਤੋਂ ਇਸ ਧੰਦੇ ਨੂੰ ਚਲਾ ਰਹੇ ਹਨ। ਇੰਨ੍ਹਾਂ ਨੌਜਵਾਨਾਂ ਨੇ ਕੜਕਨਾਥ (ਮੁਰਗੇ) ਦੀ ਬ੍ਰੀਡ ਦਾ ਫ਼ਾਰਮ ਖੋਲ੍ਹਿਆ ਹੈ ਜੋ ਕਿ ਹੁਣ ਪੰਜਾਬ ਭਰ ਵਿੱਚ ਮਸ਼ਹੂਰ ਹੈ, ਤੇ ਪੰਜਾਬ ਭਰ ਵਿੱਚ ਹੀ ਕੜਕਨਾਥ (ਮੁਰਗੇ) ਦੀ ਡਿਲੀਵਰੀ ਹੋ ਰਹੀ ਹੈ। ਇੰਨ੍ਹਾਂ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਉਹ ਇਸ ਫ਼ਾਰਮ ਤੋਂ ਚੰਗੀ ਕਮਾਈ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੁਣ ਕੋਈ ਇਲਮ ਨਹੀਂ ਕਿ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੜਕਨਾਥ ਮੁਰਗੇ ਬ੍ਰੀਡ ਦਾ ਫ਼ਾਰਮ ਖੋਲ੍ਹਿਆ ਹੈ ਜੋ ਕਿ ਹੁਣ ਪੰਜਾਬ ਭਰ ਵਿੱਚ ਇਹ ਬ੍ਰੀਡ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੜਕਨਾਥ ਦਾ ਮੀਟ ਕਈ ਬੀਮਾਰੀਆਂ ਨੂੰ ਕੰਟਰੋਲ ਕਰਦਾ ਹੈ ਜਿਵੇਂ ਸ਼ੂਗਰ, ਕੈਂਸਰ ਆਦਿ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੋ ਸਾਲ ਤੋਂ ਇਹ ਕੰਮ ਸ਼ੁਰੂ ਕੀਤਾ ਹੈ ਪਹਿਲਾਂ ਕੁਝ ਥੋੜ੍ਹਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਇਸ ਦਾ ਉਨ੍ਹਾਂ ਨੇ ਵੱਡੇ ਪੱਧਰ ਉੱਤੇ ਕੰਮ ਸ਼ੁਰੂ ਕੀਤਾ ਹੈ ਜਿਸ ਦਾ ਚੰਗਾ ਮੁਨਾਫਾ ਵੀ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਕਾਈਟਮੈਨ ਦੇ ਕੀ ਕਹਿਣੇ....
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਦੂਰੋਂ-ਦੂਰੋਂ ਉਨ੍ਹਾਂ ਕੋਲ ਕੜਕਨਾਥ ਮੁਰਗੇ ਦਾ ਮੀਟ ਲੈਣ ਲਈ ਉਨ੍ਹਾਂ ਕੋਲ ਆ ਰਹੇ ਹਨ ਅਤੇ ਉਹ ਖ਼ੁਦ ਵੀ ਇਸ ਦੀ ਡਲਿਵਰੀ ਕਰ ਰਹੇ ਹਨ। ਗੁਰਪ੍ਰੀਤ ਨੇ ਦੱਸਿਆ ਕਿ ਕੜਕਨਾਥ ਮੁਰਗੇ ਦੀ ਗੁਣਵੱਤਾ ਕਾਰਨ ਲੁਧਿਆਣਾ ਅਤੇ ਪੀਜੀਆਈ ਤੋਂ ਮਰੀਜ਼ ਉਨ੍ਹਾਂ ਕੋਲ ਕੜਕਨਾਥ ਦੇ ਅੰਡੇ ਅਤੇ ਚਿਕਨ ਲੈਣ ਲਈ ਆਉਂਦੇ ਹਨ। ਕਿਉਂਕਿ ਇਸ ਵਿੱਚ ਘੱਟ ਫ਼ੈਟ, ਜ਼ਿਆਦਾ ਪ੍ਰੋਟੀਨ ਅਤੇ ਵਿਟਾਮਿਨਾਂ ਦੇ ਨਾਲ-ਨਾਲ ਆਇਰਨ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਇਸ ਖ਼ਾਸ ਗੱਲਬਾਤ ਦੌਰਾਨ ਨੌਜਵਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੰਜ ਹਿੱਸੇਦਾਰ ਹਨ। ਉਸ ਨੇ ਦੱਸਿਆ ਕਿ ਉਹ ਗ੍ਰੈਜੂਏਟ ਹਨ, ਪਰ ਫ਼ਿਰ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਮਿਲ ਕੇ ਕੜਕਨਾਥ ਮੁਰਗਿਆਂ ਦਾ ਫ਼ਾਰਮ ਖੋਲ੍ਹਿਆ।
ਉਸ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੇ ਪਹਿਲਾਂ ਛੋਟੇ ਪੱਧਰ ਉੱਤੇ ਕੰਮ ਸ਼ੁਰੂ ਕੀਤਾ ਸੀ, ਪਰ ਅੱਜ ਉਨ੍ਹਾਂ ਕੋਲ 1500 ਦੇ ਕਰੀਬ ਕੜਕਨਾਥ ਹਨ ਅਤੇ ਮਾਰਕੀਟ ਵੀ ਇਸ ਦੀ ਵਧੀਆ ਮਿਲ ਰਹੀ ਹੈ। ਉਨ੍ਹਾਂ ਹੋਰ ਵੀ ਕਿਸਾਨਾਂ ਨੂੰ ਇਸ ਧੰਦੇ ਨੂੰ ਅਪਣਾਉਣ ਦੇ ਲਈ ਕਿਹਾ ਕਿ ਕਣਕ ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿਕਲ ਕੇ ਜੇ ਹੋਰ ਵੀ ਕੋਈ ਕਿਸਾਨ ਇਸ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਛੋਟੇ ਪੱਧਰ ਤੋਂ ਕੰਮ ਸ਼ੁਰੂ ਕਰੇ ਅਤੇ ਜੇ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਮਦਦ ਚਾਹੀਦੀ ਹੈ ਤਾਂ ਉਹ ਕਿਸੇ ਵੀ ਸਮੇਂ ਕਦੋਂ ਵੀ ਉਨ੍ਹਾਂ ਕੋਲੋਂ ਆ ਕੇ ਜਾਣਕਾਰੀ ਲੈ ਸਕਦੇ ਹਨ।