ਮਾਨਸਾ: ਬਰੇਟਾ ਪੁਲਿਸ ਵੱਲੋਂ ਫ਼ੋਨ ਚੋਰੀ ਸਬੰਧੀ ਦਰਜ਼ ਹੋਏ ਮੁਕੱਦਮੇ ਨੂੰ ਸੁਲਝਾਉਂਦਿਆ ਦੋਸ਼ੀ ਹੈਪੀ ਸਿੰਘ ਉਰਫ਼ ਵਿੱਕੀ ਪੁੱਤਰ ਹੰਸਰਾਜ ਸਿੰਘ ਵਾਸੀ ਬਹਾਦਰਪੁਰ ਨੂੰ ਕਾਬੂ ਕੀਤਾ ਗਿਆ ਹੈ। ਜਿਸ ਪਾਸੋਂ ਪੁਲਿਸ ਨੂੰ ਚੋਰੀ ਦੇ 3 ਮੋਬਾਇਲ ਫ਼ੋਨ ਬਰਾਮਦ ਕਰਨ ’ਚ ਸਫਲਤਾ ਹਾਸਲ ਹੋਈ ਹੈ।
ਇਸ ਸਬੰਧੀ ਐਸਐਸਪੀ ਮਾਨਸਾ ਸੁਰੇਂਦਰ ਲਾਂਬਾ, ਆਈਪੀਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਬਰੇਟਾ ਵਿਖੇ ਸੋਨੂੰ ਸਿੰਗਲਾ ਪੁੱਤਰ ਸ਼ਤੀਸ਼ ਕੁਮਾਰ ਵਾਸੀ ਬਰੇਟਾ ਵੱਲੋਂ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸੋਨੂੰ ਸਿੰਗਲਾ ਨੇ ਬਿਆਨ ਲਿਖਾਇਆ ਕਿ ਉਸਦੀ ਸਿੰਗਲਾ ਟੈਲੀਕਾਮ ਦੇ ਨਾਮ ਪਰ ਮੋਬਾਇਲ ਫੋਨਾਂ ਦੀ ਦੁਕਾਨ ਬਰੇਟਾ ਮੰਡੀ ਵਿਖੇ ਹੈ। ਹਰ ਰੋਜ ਦੀ ਤਰਾ ਆਪਣੀ ਦੁਕਾਨ ਖੋਲਣ ਲਈ ਆਇਆ ਤਾਂ ਉਸਦੀ ਦੁਕਾਨ ਦਾ ਮੇਨ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਦੁਕਾਨ ਅੰਦਰ ਸਮਾਨ ਖਿਲਰਿਆ ਪਿਆ ਸੀ।
ਪੜਤਾਲ ਕਰਨ ’ਤੇ ਸਾਹਮਣੇ ਆਇਆ ਕਿ ਉਸਦੀ ਦੁਕਾਨ ਵਿੱਚੋ 3 ਮੋਬਾਇਲ ਫ਼ੋਨ (ਇੱਕ ਇੰਟੈਕਸ ਕੰਪਨੀ ਦਾ ਟੱਚ ਸਕਰੀਨ ਮੋਬਾਇਲ ਅਤੇ 2 ਮੋਬਾਇਲ ਫੋਨ ਲਾਵਾ ਕੰਪਨੀ) ਚੋਰੀ ਹੋ ਗਏ ਸਨ। ਸੋਨੂੰ ਸਿੰਗਲਾ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 25 ਮਿਤੀ 11/02/2021 ਨੂੰ ਕਾਨੂੰਨ ਦੀ ਧਾਰਾ 454,380 ਤਹਿਤ ਥਾਣਾ ਬਰੇਟਾ ’ਚ ਦਰਜ ਕੀਤਾ ਗਿਆ ਸੀ।
ਇਸ ਚੋਰੀ ਦੀ ਵਾਰਦਾਤ ਨੂੰ ਐਸਆਈ ਜਸਵੰਤ ਸਿੰਘ ਮੁੱਖ ਅਫਸਰ ਥਾਣਾ ਬਰੇਟਾ ਦੀ ਨਿਗਰਾਨੀ ਹੇਠ ਸੁਲਝਾ ਲਿਆ ਗਿਆ। ਪੁਲਿਸ ਨੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਦੋਸ਼ੀ ਹੈਪੀ ਸਿੰਘ ਉਰਫ ਵਿੱਕੀ ਪੁੱਤਰ ਹੰਸਰਾਜ ਸਿੰਘ ਵਾਸੀ ਬਹਾਦਰਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 3 ਮੋਬਾਇਲ ਫੋਨ (ਇੱਕ ਮੋਬਾਇਲ ਫੋਨ ਇੰਟੈਕਸ ਕੰਪਨੀ ਟੱਚ ਸਕਰੀਨ, 2 ਮੋਬਾਇਲ ਫੋਲ ਲਾਵਾ ਕੰਪਨੀ) ਬਰਾਮਦ ਹੋਏ ਹਨ। ਗ੍ਰਿਫ਼ਤਾਰ ਮੁਜ਼ਰਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਅਜਿਹੀਆ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਪੁਲਿਸ ਨੂੰ ਮੁਜ਼ਰਮ ਦੀ ਪੁਛਗਿੱਛ ਦੌਰਾਨ ਹੋਰ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।