ਮਾਨਸਾ: ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਮਾਨਸਾ ਪੁਲਿਸ ਨੇ ਹਰਿਆਣਾ ਮਾਰਕਾ ਸ਼ਰਾਬ ਦੀ ਵੱਡੀ ਖੇਪ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਨਸ਼ਿਆਂ ਦੇ ਮੁਕੱਦਮੇ ਦਰਜ਼ ਕਰ ਕੇ ਬਰਾਮਦਗੀ ਕਰਵਾਈ ਗਈ ਹੈ।
ਕਾਰ ਵਿੱਚੋਂ 420 ਬੋਤਲਾਂ ਦੇਸੀ ਮਾਰਕਾ ਹਰਿਆਣਾ ਬਰਾਮਦ
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਉੱਤੇ ਮੰਗਾ ਸਿੰਘ ਉਰਫ਼ ਬੰਟੀ ਪੁੱਤਰ ਨੇਕ ਸਿੰਘ ਵਾਸੀ ਖਾਨੇਵਾਲ (ਪਟਿਆਲਾ) ਅਤੇ ਰਾਹੁਲ ਸਿੰਘ ਪੁੱਤਰ ਰਾਜ ਸਿੰਘ ਵਾਸੀ ਜਖੇਪਲ (ਸੰਗਰੂਰ) ਵਿਰੁੱਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਰਜਿਸਟਰ ਕੀਤਾ ਹੈ। ਪੁਲਿਸ ਪਾਰਟੀ ਨੇ ਢੁੱਕਵੀ ਥਾਂ ਉੱਤੇ ਰੇਡ ਕਰ ਕੇ ਦੋਵੇਂ ਮੁਲਜ਼ਮਾਂ ਨੂੰ ਮੌਕਾ ਉੱਤੇ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਕਾਰ ਪੀਬੀਐੱਚ 10 ਡੀ.ਕੇ. 3897 ਵਿੱਚੋਂ 420 ਬੋਤਲਾਂ (35 ਪੇਟੀਆਂ) ਦੇਸੀ ਸ਼ਰਾਬ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀ ਹੈ ਅਤੇ ਬਰਾਮਦ ਕਰ ਦੋ ਨਾਬਾਲਗ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਪੇਸ਼ ਕਰ ਕੇ ਬਾਲ ਸੁਧਾਰ ਘਰ ਫ਼ਰੀਦਕੋਟ ਵਿਖੇ ਭੇਜਿਆ ਜਾ ਰਿਹਾ ਹੈ।
ਕਈਆਂ ਵਿਰੁੱਧ ਆਬਕਾਰੀ ਐਕਟ ਅਧੀਨ ਮਾਮਲਾ ਦਰਜ
ਆਬਕਾਰੀ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਕਸ਼ਮੀਰ ਸਿੰਘ ਵਾਸੀ ਝੰਡਾਂ ਖ਼ੁਰਦ ਵਿਰੁੱਧ ਥਾਣਾ ਸਰਦੂਲਗੜ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕੀਤਾ ਹੈ, ਪੁਲਿਸ ਪਾਰਟੀ ਨੇ ਰੇਡ ਕਰ ਕੇ 150 ਲੀਟਰ ਲਾਹੁਣ ਬਰਾਮਦ ਕੀਤੀ, ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਉੱਤੇ ਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕਰਮਗੜ ਔਤਾਂਵਾਲੀ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਰੇਡ ਕਰ ਕੇ ਮੁਲਜ਼ਮ ਕੋਲੋਂ 50 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਥਾਣਾ ਸਦਰ ਬੁਢਲਾਡਾ ਪੁਲਿਸ ਨੇ ਮੁਖਬਰੀ ਸਿਕੰਦਰ ਸਿੰਘ ਉਰਫ਼ ਚੰਨੀ ਪੁੱਤਰ ਅਜੈਬ ਸਿੰਘ ਵਾਸੀ ਹਸਨਪੁਰ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰ 1 ਚਾਲੂ ਭੱਠੀ, 50 ਲੀਟਰ ਲਾਹਣ, 5 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਨੇ ਗੁਰਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਜੁਵਾਹਰ ਕੇ ਨੂੰ ਕਾਬੂ ਕਰ ਕੇ 25 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕਰ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰ ਮਾਲ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਗੁਰਤੇਜ ਸਿੰਘ ਗੋਰਾ ਪੁੱਤਰ ਦਰਸ਼ਨ ਸਿੰਘ ਵਾਸੀ ਖੋਖਰ ਖ਼ੁਰਦ ਨੂੰ ਕਾਬੂ ਕਰ ਕੇ 7 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਨੇ ਹੈਪੀ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਾਨਸਾ ਨੂੰ ਮੌਕੇ ਉੱਤੇ 2 ਗ੍ਰਾਮ ਸਮੈਕ ਸਮੇਤ ਕਾਬੂ ਕੀਤਾ ਹੈ ਅਤੇ ਮੁਲਜ਼ਮ ਵਿਰੁੱਧ ਐੱਨ.ਡੀ.ਪੀ.ਐੱਸ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।